ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਅਪਰੈਲ
ਅਫ਼ਗਾਨਿਸਤਾਨ ਤੋਂ ਮੁਲੱਠੀ ਵਿੱਚ ਭਰ ਕੇ ਆਈ 102 ਕਿੱਲੋ ਹੈਰੋਇਨ ਬਰਾਮਦ ਹੋਣ ਮਗਰੋਂ ਕਸਟਮ ਵਿਭਾਗ ਨੇ ਅਟਾਰੀ ਆਈਸੀਪੀ ਵਿੱਚ ਸਥਾਪਤ ਨਕਾਰਾ ਹੋ ਚੁੱਕੇ ਫੁੱਲ ਬਾਡੀ ਟਰੱਕ ਸਕੈਨਰ ਨੂੰ ਬਦਲਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਕਸਟਮ ਵਿਭਾਗ ਵੱਲੋਂ ਆਈਸੀਪੀ ਦਾ ਪ੍ਰਬੰਧ ਦੇਖ ਰਹੀ ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਕੋਲ ਪਹੁੰਚ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਈਸੀਪੀ ਵਿੱਚ ਕੁੱਲ 23 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਫੁੱਲ ਬਾਡੀ ਟਰੱਕ ਸਕੈਨਰ ਇਸ ਵੇਲੇ ਕੰਮ ਨਹੀਂ ਕਰ ਰਿਹਾ ਜਿਸ ਕਾਰਨ ਕਸਟਮ ਵਿਭਾਗ ਵੱਲੋਂ ਸਰਹੱਦ ਰਸਤੇ ਆਈਸੀਪੀ ਵਿੱਚ ਆ ਰਹੇ ਸਾਮਾਨ ਦੀ ਆਪਣੇ ਪੱਧਰ ’ਤੇ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕਸਟਮ ਵਿਭਾਗ ਵੱਲੋਂ ਸਥਾਨਕ ਕਸਟਮ ਕਲੀਅਰਿੰਗ ਏਜੰਟ ਅਤੇ ਦਿੱਲੀ ਸਥਿਤ ਦਰਾਮਦਕਾਰ, ਜਿਸ ਕੋਲ ਇਹ ਮੁਲੱਠੀ ਦੀ ਖੇਪ ਜਾਣੀ ਸੀ, ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਬੀਤੇ ਕੱਲ੍ਹ ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਕਸਟਮ ਵਿਭਾਗ ਦੇ ਕਮਿਸ਼ਨਰ ਰਾਹੁਲ ਨਾਨਗੇਰੇ ਨੇ ਦੱਸਿਆ ਸੀ ਕਿ ਆਈਸੀਪੀ ਵਿੱਚ ਸਥਾਪਤ ਫੁਲ ਬਾਡੀ ਟਰੱਕ ਸਕੈਨਰ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਅਤੇ ਗ੍ਰਹਿ ਮੰਤਰਾਲੇ ਵੱਲੋਂ ਇਸ ਨੂੰ ਨਕਾਰਾ ਕਰਾਰ ਦੇ ਦਿੱਤਾ ਗਿਆ ਹੈ। ਕਸਟਮ ਵਿਭਾਗ ਵੱਲੋਂ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਨੂੰ ਪੱਤਰ ਭੇਜ ਕੇ ਇਸ ਨੂੰ ਬਦਲਾਉਣ ਲਈ ਕਿਹਾ ਗਿਆ ਹੈ। ਇਹ ਟਰਕ ਸਕੈਨਰ ਅਕਤੂਬਰ 2021 ’ਚ ਚਾਲੂ ਕੀਤਾ ਗਿਆ ਸੀ।
ਸੂਤਰਾਂ ਮੁਤਾਬਕ ਇਹ ਸਕੈਨਰ ਨਸ਼ੀਲੇ ਪਦਾਰਥਾਂ ਅਤੇ ਜਾਅਲੀ ਕਰੰਸੀ ਦਾ ਪਤਾ ਲਾਉਣ ਵਿੱਚ ਅਸਮਰੱਥ ਹੈ ਤੇ ਹੁਣ ਤੱਕ ਲੋੜੀਂਦੇ ਨਤੀਜੇ ਨਹੀਂ ਦੇ ਸਕਿਆ ਹੈ।