ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਫਰਵਰੀ
ਪੰਜਾਬ ਕਾਂਗਰਸ ਦੇ ਆਗੂਆਂ ਨੇ ਪਾਰਟੀ ਹਾਈ ਕਮਾਨ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਚੋਣਾਂ ਲਈ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨੇ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਪਾਰਟੀ ਦੇ ਇਸ ਫ਼ੈਸਲੇ ਨਾਲ ਨਵਜੋਤ ਸਿੱਧੂ ਦੇ ਜੱਦੀ ਜ਼ਿਲ੍ਹੇ ਦੇ ਕਾਂਗਰਸੀਆਂ ’ਚ ਵੀ ਖੁਸ਼ੀ ਪਾਈ ਜਾ ਰਹੀ ਹੈ। ਇੱਥੋਂ ਤੱਕ ਕਿ ਘਨੌਰ ਤੇ ਵਿਧਾਇਕ ਅਤੇ ਉਮੀਦਵਾਰ ਮਦਨ ਲਾਲ ਜਲਾਲਪੁਰ ਨੇ ਤਾਂ ਅਜਿਹੀ ਖੁਸ਼ੀ ਦਾ ਇਜ਼ਹਾਰ ਢੋਲ ਦੀ ਥਾਪ ’ਤੇ ਭੰਗੜਾ ਪਾ ਕੇ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਨ ਨੇ ਗਰੀਬ ਤਬਕੇ ਦਾ ਸਨਮਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ 2007 ’ਚ ਚੰਨੀ ਦੀ ਤਰ੍ਹਾਂ ਹੀ ਜਲਾਲਪੁਰ ਵੀ ਘਨੌਰ ਤੋਂ ਆਜ਼ਾਦ ਉਮੀਦਵਾਰ ਵਿਧਾਇਕ ਬਣੇ ਹੋਣ ਕਰਕੇ ਵਿਧਾਨ ਸਭਾ ’ਚ ਉਹ ਇੱਕੋ ਬੈਂਚ ’ਤੇ ਬੈਠਦੇ ਰਹੇ ਹਨ। ਫੇਰ ਕਾਂਗਰਸ ’ਚ ਉਹ ਸੋਨੀਆ ਗਾਂਧੀ ਰਾਹੀਂ ਇਕੱਠਿਆਂ ਹੀ ਸ਼ਾਮਲ ਹੋਏ ਸਨ ਜਿਸ ਕਰਕੇ ਚੰਨੀ ਤੇ ਜਲਾਲਪੁਰ ਦੀ ਜੋੜੀ ਉਦੋਂ ਤੋਂ ਹੀ ਚੱਲੀ ਆ ਰਹੀ ਹੈ। ਜਲਾਲਪੁਰ ਦਾ ਕਹਿਣਾ ਸੀ ਕਿ ਇੱਕਤਰਫੇ ਮੁਕਾਬਲੇ ਵਾਲੇ ਹਾਲਾਤ ਬਣਨਗੇ। ਉਨ੍ਹਾਂ ਹੋਰ ਕਿਹਾ ਕਿ ਹਾਈਕਮਾਨ ਨੇ ਜਿੱਥੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਗਰੀਬ ਤਬਕੇ ਨੂੰ ਸਨਮਾਨ ਦਿੱਤਾ ਸੀ, ਉਥੇ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਦਲਿਤ ਵਰਗ ਅਤੇ ਹੋਰ ਪਛੜੇ ਵਰਗਾਂ ਦੇ ਲੋਕਾਂ ਦਾ ਮਾਣ ਸਨਮਾਨ ਵਧਾਇਆ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਉਮੀਦਵਾਰ ਮੋਹਿਤ ਮਹਿੰਦਰਾ, ਵਿਧਾਇਕ ਸਾਧੂ ਸਿੰਘ ਧਰਮਸੋਤ ਤੇ ਹਰਦਿਆਲ ਕੰਬੋਜ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਊਟਸਰ ਨੇ ਵੀ ਹਾਈਕਮਾਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।