ਪੱਤਰ ਪ੍ਰੇਰਕ
ਅਮਲੋਹ, 21 ਮਾਰਚ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਾਂਗਰਸ ਦੀ ਹਾਰ ਸਬੰਧੀ ਹਲਕੇ ਦੇ ਵਰਕਰਾਂ ਨਾਲ ਅੱਜ ਸਥਾਨਕ ਪੈਲੇਸ ’ਚ ਮੀਟਿੰਗ ਕਰਦਿਆਂ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਪੰਜਾਬ ਤੋਂ ਬਾਹਰੋਂ ਉਮੀਦਵਾਰ ਲਿਆਉਣ ਦੇ ਫ਼ੈਸਲੇ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ।
ਕਾਂਗਰਸੀ ਆਗੂ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਰਾਜ ਸਭਾ ਵਿੱਚ ਦਿੱਲੀ ਦੇ ਲੋਕਾਂ ਨੂੰ ਪ੍ਰਤੀਨਿਧਤਾ ਦੇਣਾ ਪੰਜਾਬ ਦੇ ਲੋਕਾਂ ਨਾਲ ਵੱਡੀ ਬੇਇਨਸਾਫ਼ੀ ਹੈ। ਚੋਣਾਂ ’ਚ ਹੋਈ ਹਾਰ ਬਾਰੇ ਸ੍ਰੀ ਨਾਭਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਦੀ ਅੰਦਰੂਨੀ ਲੜਾਈ ਪਾਰਟੀ ਦੀ ਹਾਰ ਦਾ ਕਾਰਨ ਬਣੀ ਹੈ। ਉਨ੍ਹਾਂ ਹਲਕੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਟਕਸਾਲੀ ਕਾਂਗਰਸੀਆਂ ਨੂੰ ਅੱਗੇ ਲਿਆਉਣ ਲਈ ਪੰਜ ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਜ਼ਮੀਨੀ ਪੱਧਰ ’ਤੇ ਜਾ ਕੇ ਪਾਰਟੀ ਨੂੰ ਮੁੜ ਮਜ਼ਬੂਤ ਕਰਨਗੇ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਜ਼ਿਲ੍ਹਾ ਕਾਂਗਰਸ ਦੇ ਐਕਟਿੰਗ ਪ੍ਰਧਾਨ ਅਤੇ ਕੌਂਸਲਰ ਰਾਜਿੰਦਰ ਬਿੱਟੂ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਖਨਿਆਣ, ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਅਮਲੋਹ ਕੌਂਸਲ ਦੇ ਪ੍ਰਧਾਨ ਡਾ. ਹਰਪ੍ਰੀਤ ਸਿੰਘ, ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਹਲਕੇ ਦੇ ਕਾਨੂੰਨੀ ਸਲਾਹਕਾਰ ਬਲਜਿੰਦਰ ਸਿੰਘ ਭੱਟੋਂ ਹਾਜ਼ਰ ਸਨ।