ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 10 ਮਈ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੂੰ ਰਾਹਤ ਦਿੰਦਿਆਂ ਉਸ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ 5 ਜੁਲਾਈ ਤੱਕ ਵਧਾ ਦਿੱਤੀ ਹੈ। ਬੱਗਾ ਵਿਰੁੱਧ ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਸੈੱਲ ਥਾਣੇ ਵਿੱਚ ਫੌਜਦਾਰੀ ਕੇਸ ਦਰਜ ਕੀਤਾ ਗਿਆ ਸੀ। ਬੱਗਾ ’ਤੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਅਤੇ ਸਮਾਜ ਨੂੰ ਧਰਮ ਤੇ ਜਾਤ-ਪਾਤ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਮੁਹਾਲੀ ਪੁਲੀਸ ਨੇ ਇਸ ਮਾਮਲੇ ਵਿੱਚ ਪਿਛਲੇ ਦਿਨੀਂ ਭਾਜਪਾ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਦਿੱਲੀ ਪੁਲੀਸ ਦੇ ਕਹਿਣ ’ਤੇ ਕੁਰੂਕਸ਼ੇਤਰ ਨੇੜੇ ਹਰਿਆਣਾ ਪੁਲੀਸ ਨੇ ਬੈਰੀਕੇਡ ਲਗਾ ਕੇ ਬੱਗਾ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਲਿਆ ਰਹੀ ਪੰਜਾਬ ਪੁਲੀਸ ਦੇ ਕਾਫ਼ਲੇ ਦਾ ਰਾਹ ਡੱਕ ਲਿਆ। ਇਸ ਦੌਰਾਨ ਤਿੰਨ ਸੂਬਿਆਂ ਦੀ ਪੁਲੀਸ ਵਿੱਚ ਕਾਫ਼ੀ ਜੱਦੋਜਹਿਦ ਹੋਈ ਅਤੇ ਕੁਝ ਘੰਟਿਆਂ ਮਗਰੋਂ ਦਿੱਲੀ ਪੁਲੀਸ ਨੇ ਬੱਗੇ ਨੂੰ ਜਬਰੀ ਰਿਹਾਅ ਕਰਵਾ ਲਿਆ ਸੀ। ਮੁਹਾਲੀ ਅਦਾਲਤ ਨੇ ਪਿਛਲੇ ਦਿਨੀਂ ਤੇਜਿੰਦਰਪਾਲ ਬੱਗਾ ਦੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਸੀ, ਪਰ ਉਸੇ ਰਾਤ ਭਾਜਪਾ ਆਗੂ ਨੇ ਹਾਈ ਕੋਰਟ ਦਾ ਬੂਹਾ ਖੜਕਾਉਂਦਿਆਂ ਫੈਸਲੇ ਨੂੰ ਚੁਣੌਤੀ ਦਿੱਤੀ। ਹਾਈ ਕੋਰਟ ਨੇ ਰਾਤ ਨੂੰ ਹੀ ਕੇਸ ਦੀ ਸੁਣਵਾਈ ਕਰਦਿਆਂ ਬੱਗਾ ਦੀ ਗ੍ਰਿਫ਼ਤਾਰੀ ’ਤੇ 10 ਮਈ ਤੱਕ ਰੋਕ ਲਾ ਦਿੱਤੀ ਸੀ। ਅਦਾਲਤ ਨੇ ਅੱਜ ਭਾਜਪਾ ਆਗੂ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ ਨੂੰ 5 ਜੁਲਾਈ ਤੱਕ ਵਧਾ ਦਿੱਤਾ।