ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ਹਰਿਆਣਾ ਹਾਈ ਕੋਰਟ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਟਰੈਕਟਰ ਮਾਰਚ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰਾਹੁਲ ਗਾਂਧੀ ਦੇ ਟਰੈਕਟਰ ਮਾਰਚ ਨੂੰ ਚੁਣੌਤੀ ਦਿੰਦਿਆਂ ਅੱਜ ਹਾਈ ਕੋਰਟ ’ਚ ਦਰਖਾਸਤ ਦਾਇਰ ਕੀਤੀ ਹੈ ਜਿਸ ਦੀ ਭਲਕੇ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਪਟਿਆਲਾ ਵਾਸੀ ਮੋਹਿਤ ਕਪੂਰ ਨੇ ਕਿਸਾਨ ਧਰਨਿਆਂ ਖ਼ਿਲਾਫ਼ ਕੁਝ ਅਰਸਾ ਪਹਿਲਾਂ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਸੀ। ਹੁਣ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਉਦੋਂ ਵੀ ਮੋਹਿਤ ਕਪੂਰ ਨੇ ਹਾਈ ਕੋਰਟ ਵਿਚ ਦਰਖਾਸਤ ਦਿੱਤੀ ਸੀ। ਹਾਈ ਕੋਰਟ ਨੇ ਊਸ ਸਮੇਂ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ ਜਿਸ ਵਿਚ ਸੂਬਾ ਸਰਕਾਰ ਨੇ ਦੱਸਿਆ ਸੀ ਕਿ ਕਿਸਾਨਾਂ ਤੋਂ ਸੜਕ ਮਾਰਗ ਖ਼ਾਲੀ ਕਰਾ ਲਏ ਗਏ ਹਨ ਜਿਸ ਮਗਰੋਂ ਮਾਮਲਾ ਠੰਢਾ ਪੈ ਗਿਆ ਸੀ। ਵਕੀਲ ਬਲਤੇਜ ਸਿੰਘ ਸਿੱਧੂ ਰਾਹੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤਰਫ਼ੋਂ ਪਾਈ ਦਰਖਾਸਤ ਵਿਚ ਮੰਗ ਕੀਤੀ ਗਈ ਹੈ ਕਿ ਕੋਵਿਡ ਦੇ ਮੱਦੇਨਜ਼ਰ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਨੂੰ ਰੋਕਿਆ ਜਾਵੇ। ਅਰਜ਼ੀ ਵਿਚ ਇਤਰਾਜ਼ ਕੀਤਾ ਗਿਆ ਹੈ ਕਿ ਜਦੋਂ ਕਿਸਾਨ ਅੰਦੋਲਨ ਕਰਦੇ ਹਨ ਤਾਂ ਪਟਿਆਲਾ ਵਾਸੀ ਵੱਲੋਂ ਦਰਖਾਸਤ ਪਾਈ ਜਾਂਦੀ ਹੈ ਜਿਸ ਨੂੰ ਹੁਣ ਡਿਸਮਿਸ ਕੀਤਾ ਜਾਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ’ਤੇ ਰੋਕ ਦੀ ਮੰਗ ਕੀਤੀ ਹੈ। ਭਲਕੇ ਹਾਈ ਕੋਰਟ ਵਿਚ ਤਰਜੀਹੀ ਆਧਾਰ ’ਤੇ ਇਸ ਮਾਮਲੇ ਦੀ ਸੁਣਵਾਈ ਹੋਵੇਗੀ।