ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਨੌਜਵਾਨਾਂ ਵਿੱਚ ਰੱਖਿਆ ਬਲਾਂ ਪ੍ਰਤੀ ਜਨੂੰਨ ਦੀ ਮਸ਼ਾਲ ਜਗਾਉਂਦੇ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਵੱਖ ਵੱਖ ਬੁੱਧੀਜੀਵੀਆਂ ਤੇ ਰੱਖਿਆ ਮਾਿਹਰਾਂ ਨੇ ਹੇਠ ਲਿਖੇ ਨੁਕਤੇ ਸਾਂਝੇ ਕੀਤੇ:
ਜੰਗਾਂ ਦੇ ਇਤਿਹਾਸ ਤੇ ਰਿਕਾਰਡ ਜਨਤਕ ਹੋਣ: ਐੱਨਐੱਨ ਵੋਹਰਾ
ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਵੱਲੋਂ ਲੜੀਆਂ ਗਈਆਂ ਲੜਾਈਆਂ ਦੇ ਇਤਿਹਾਸ ਅਤੇ ਰਿਕਾਰਡ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਨੂੰ ਪੜ੍ਹਨ ਨਾਲ ਫ਼ੌਜੀਆਂ ਦੀ ਨੌਜਵਾਨ ਪੀੜ੍ਹੀ ਨੂੰ ਮਦਦ ਮਿਲੇਗੀ। ਉਨ੍ਹਾਂ ਰੱਖਿਆ ਸਕੱਤਰ ਵਜੋਂ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ 1948, 1962 ਅਤੇ 1971 ਦੀਆਂ ਲੜਾਈਆਂ ਦੇ ਫ਼ੌਜੀ ਇਤਿਹਾਸ ਨੂੰ ਅੰਤਿਮ ਰੂਪ ਦੇ ਦਿੱਤਾ ਸੀ ਅਤੇ ਜਦੋਂ ਉਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦਾ ਵਿਰੋਧ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਿਆ। ਅਜਿਹੇ ਇਤਿਹਾਸ ਤੋਂ ਨੌਜਵਾਨ ਪੀੜ੍ਹੀ ਸਬਕ ਲੈਂਦੀ ਹੈ, ਜੋ ਭਵਿੱਖ ਵਿੱਚ ਉਨ੍ਹਾਂ ਦੇ ਕੰਮ ਆਉਂਦਾ ਹੈ।
ਭਾਰਤ, ਜਪਾਨ ਤੇ ਆਸਟਰੇਲੀਆ ਸਣੇ ਹੋਰ ਦੇਸ਼ਾਂ ਨੂੰ ਇਕਜੁੱਟ ਹੋਣ ਦੀ ਲੋੜ: ਸ਼ਿਆਮ ਸਰਨ
ਕਰੀਅਰ ਡਿਪਲੋਮੈਟ ਅਤੇ ਸਾਬਕਾ ਰਾਜਦੂਤ ਸ਼ਿਆਮ ਸਰਨ ਨੇ 2007 ਤੋਂ ਬਾਅਦ ਕੋਆਡ ਦੇ ਪਿੱਛੇ ਹਟਣ ਦੇ ਅਸਲ ਕਾਰਨ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਅਮਰੀਕਾ ਅਸਲ ਵਿੱਚ ਸਮੂਹ ਦੀ ਮਹੱਤਤਾ ਨੂੰ ਨੀਵਾਂ ਦਿਖਾਉਣਾ ਚਾਹੁੰਦਾ ਸੀ। ਇਸ ਦਾ ਕਾਰਨ ਹੈ ਕਿ ਉਹ ਇਰਾਨ ਪ੍ਰਮਾਣੂ ਸੌਦੇ ਨੂੰ ਅੱਗੇ ਵਧਾਉਣ ਲਈ ਚੀਨ ਅਤੇ ਰੂਸ ਦੇ ਸਮਰਥਨ ਨੂੰ ਛੱਡਣਾ ਨਹੀਂ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਚੀਨ ਤੋਂ ਪੇਸ਼ ਆ ਰਹੀਆਂ ਚੁਣੌਤੀਆਂ ਕਰ ਕੇ ਭਾਰਤ, ਜਪਾਨ ਅਤੇ ਆਸਟਰੇਲੀਆ ਸਮੇਤ ਹੋਰਨਾਂ ਦੇਸ਼ਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ।
ਜਨਰਲ ਮਹਿਤਾ ਨੇ ’71 ਦੀ ਜੰਗ ’ਚ ਜਾਨਾਂ ਵਾਰਨ ਵਾਲਿਆਂ ਦੀਆਂ ਕੁਰਬਾਨੀਆਂ ’ਤੇ ਚਾਨਣਾ ਪਾਇਆ
ਭਾਰਤੀ ਹਵਾਈ ਸੈਨਾ ਅਤੇ ਥਲ ਸੈਨਾ ਵੱਲੋਂ ਸਾਂਝੇ ਤੌਰ ’ਤੇ ਲੜੀ ਗਈ 1971 ਦੀ ਜੰਗ ਵਿੱਚ ਟੈਂਕ ਬ੍ਰਿਗੇਡ ਦੀ ਕਮਾਨ ਸਾਂਭਣ ਵਾਲੇ ਲੈਫਟੀਨੈਂਟ ਜਨਰਲ ਐੱਸ.ਐੱਸ. ਮਹਿਤਾ ਨੇ ਭਾਰਤੀ ਫ਼ੌਜ ਦੇ ਜੋਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਲੜਾਈ ਦੌਰਾਨ ਭਾਰਤੀ ਫ਼ੌਜ ਨੂੰ ਭਾਰੀ ਨੁਕਸਾਨ ਹੋਇਆ ਸੀ ਪਰ ਇਸ ਦੇ ਬਾਵਜੂਦ ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜਾਂ ਨੂੰ ਹਰਾਉਣ ਅਤੇ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਬੇਮਿਸਾਲ ਬਹਾਦਰੀ ਦਿਖਾਈ। ਉਨ੍ਹਾਂ ਲੜਾਈ ਦੌਰਾਨ ਜਾਨਾਂ ਵਾਰਨ ਵਾਲਿਆਂ ਦੀਆਂ ਕੁਰਬਾਨੀਆਂ ’ਤੇ ਚਾਨਣਾ ਪਾਇਆ।
ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਮਿਲਟਰੀ ਲਿਟਰੇਚਰ ਫੈਸਟੀਵਲ-2020 ਵਿੱਚ ਮੇਜਰ ਬਿਕਰਮਜੀਤ ਕੰਵਰਪਾਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੇਲਵੇ ਸਮੇਤ ਬਸਤੀਵਾਦੀ ਸ਼ਾਸਨ ਵਿੱਚ ਕੀਤੇ ਗਏ ਬੁਨਿਆਦੀ ਢਾਂਚੇ ਦਾ ਵਿਕਾਸ ਮਹਿਜ਼ ਅੰਗਰੇਜ਼ਾਂ ਦੇ ਹਿੱਤਾਂ ਦੀ ਪੂਰਤੀ ਲਈ ਹੋਇਆ ਸੀ। ਉਨ੍ਹਾਂ ਦੱਸਿਆ ਕਿ ਰੇਲਵੇ ਬੰਦਰਗਾਹਾਂ ਸਾਮਾਨ ਦੀ ਢੋਆ-ਢੁਆਈ ਲਈ ਵਿਕਸਤ ਕੀਤੀਆਂ ਗਈਆਂ ਸਨ, ਜਿੱਥੋਂ ਇਸ ਸਮੱਗਰੀ ਨੂੰ ਇੰਗਲੈਂਡ ਭੇਜਿਆ ਜਾਂਦਾ ਸੀ। ਇਸ ਦਾ ਇੱਕ ਹੋਰ ਉਦੇਸ਼ ਵਿਦਰੋਹ ਜਾਂ ਕਾਨੂੰਨ ਅਤੇ ਵਿਵਸਥਾ ਦੀ ਕਿਸੇ ਵੀ ਅਣਸੁਖਾਵੀਂ ਸਥਿਤੀ ’ਤੇ ਕਾਬੂ ਪਾਉਣ ਲਈ ਭਾਰਤ ਦੇ ਹਰੇਕ ਕੋਨੇ ਵਿੱਚ ਫ਼ੌਜ ਨੂੰ ਲਿਆਉਣਾ-ਲਿਜਾਣਾ ਸੀ।
ਖੁਰਾਕ ਸੁਰੱਖਿਆ ਤੇ ਕੌਮੀ ਸੁਰੱਖਿਆ ਵਿੱਚ ਪੰਜਾਬ ਹਮੇਸ਼ਾ ਮੋਹਰੀ: ਮਨਪ੍ਰੀਤ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਨੌਜਵਾਨਾਂ ਵਿੱਚ ਰੱਖਿਆ ਬਲਾਂ ਪ੍ਰਤੀ ਜਨੂੰਨ ਦੀ ਮਸ਼ਾਲ ਜਗਾਉਣ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਖੁਰਾਕ ਸੁਰੱਖਿਆ ਅਤੇ ਕੌਮੀ ਸੁਰੱਖਿਆ ’ਚ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ, ਜਿਸ ਨੇ ਖੁਰਾਕ ਸੁਰੱਖਿਆ ਲਈ ਆਪਣੀ ਮਿੱਟੀ ਨੂੰ ਜ਼ਹਿਰੀਲਾ ਬਣਾ ਲਿਆ। ਇਸ ਤੋਂ ਇਲਾਵਾ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਕਾਫ਼ੀ ਹੇਠਾਂ ਚਲਾ ਗਿਆ। ਦੇਸ਼ ਦੇ ਸਨਮਾਨ ਲਈ ਪੰਜਾਬ ਨੇ ਆਪਣੇ ਕਈ ਬਹਾਦਰ ਜਵਾਨਾਂ ਦੀ ਕੁਰਬਾਨੀ ਦਿੱਤੀ ਅਤੇ ਬਦਲੇ ਵਿੱਚ ਕੁਝ ਨਹੀਂ ਮੰਗਿਆ ਪਰ ਹੁਣ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ।