ਪਵਨ ਗੋਇਲ
ਭੁੱਚੋ ਮੰਡੀ, 27 ਜਨਵਰੀ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪੰਜਾਬ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਦੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਡੇਢ ਮਹੀਨੇ ਤੋਂ ਚੱਲ ਰਿਹਾ ਪੱਕਾ ਮੋਰਚਾ ਸਮਾਪਤ ਕਰ ਦਿੱਤਾ ਹੈ। ਇਸ ਤੋਂ ਬਾਅਦ ਟੌਲ ਕੰਪਨੀ ਨੇ ਟੌਲ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਪਿਛਲੇ 15 ਮਹੀਨਿਆਂ ਤੋਂ ਬੰਦ ਟੌਲ ਪਲਾਜ਼ਾ ਦੇ ਚੱਲਣ ਨਾਲ ਅਧਿਕਾਰੀਆਂ ਨੂੰ ਸੁੱਖ ਦਾ ਸਾਹ ਆਇਆ ਹੈ।
ਧਰਨੇ ਦੀ ਸਮਾਪਤੀ ਮੌਕੇ ਸੂਬਾਈ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਮੋਠੂ ਸਿੰਘ ਕੋਟੜਾ, ਸੁਖਦੇਵ ਸਿੰਘ ਜਵੰਧਾ ਅਤੇ ਹੁਸ਼ਿਆਰ ਸਿੰਘ ਨੇ ਕਿਹਾ ਕਿ ਅਥਾਰਟੀ ਵੱਲੋਂ ਵਧਾਏ ਗਏ ਰੇਟਾਂ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ ਡੇਢ ਮਹੀਨੇ ਤੋਂ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਮੋਰਚਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਟੌਲ ਪਲਾਜ਼ਾ ਲਹਿਰਾ ਬੇਗਾ ਦੇ ਮੈਨੇਜਰ ਉੱਤਮ ਸਿੰਘ ਸਮੇਤ ਜੀਦਾ ਅਤੇ ਸ਼ੇਖਪੁਰਾ ਦੇ ਟੌਲ ਮੈਨੇਜਰਾਂ ਨੇ ਜਥੇਬੰਦੀ ਦੇ ਆਗੂਆਂ ਨੂੰ ਮੁਲਾਕਾਤ ਕੀਤੀ ਤੇ ਲਿਖਤੀ ਤੌਰ ’ਤੇ ਮੰਗਾਂ ਮੰਨ ਲਈਆਂ ਹਨ।
ਮੰਨੀਆਂ ਗਈਆਂ ਮੰਗਾਂ ਤਹਿਤ ਪੁਰਾਣੇ ਰੇਟਾਂ ’ਤੇ ਟੌਲ ਵਸੂਲੀ ਹੋਵੇਗੀ, ਟੈਗ ਰਹਿਤ ਵਾਹਨਾਂ ਦੀ ਜੁਰਮਾਨੇ ਵਜੋਂ ਦੁੱਗਣੀ ਪਰਚੀ ਨਹੀਂ ਕੱਟੀ ਜਾਵੇਗੀ, ਨੇੜਲੇ ਪਿੰਡਾਂ ਲਹਿਰਾ ਮੁਹੱਬਤ, ਲਹਿਰਾ ਸੌਂਦਾ, ਲਹਿਰਾ ਬੇਗਾ, ਲਹਿਰਾ ਖਾਨਾ, ਭੁੱਚੋ ਕਲਾਂ ਅਤੇ ਸੇਮਾਂ ਦੇ ਲੋਕਾਂ ਤੋਂ ਟੌਲ ਵਸੂਲਿਆ ਨਹੀਂ ਜਾਵੇਗਾ, ਟੌਲ ਪਲਾਜ਼ਾ ਦੇ ਨੌਕਰੀ ਤੋਂ ਫਾਰਗ ਕੀਤੇ ਮੁਲਾਜ਼ਮਾਂ ਨੂੰ ਨੌਕਰੀ ’ਤੇ ਰੱਖਿਆ ਜਾਵੇਗਾ ਅਤੇ ਬਣਦੀ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁੱਝ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਵੀ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਬਲਜੀਤ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਸਿਮਰਜੀਤ ਸਿੰਘ, ਰਾਮ ਰਤਨ ਸਿੰਘ, ਬਿਕਰਮਜੀਤ ਸਿੰਘ, ਗੁਰਮੇਲ ਸਿੰਘ ਅਤੇ ਸੁਖਜੀਤ ਕੌਰ ਹਾਜ਼ਰ ਸਨ।