ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਜੂਨ
ਇਥੋਂ ਦੇ ਭੂ-ਮਾਫੀਆ ਨੇ ਕਥਿਤ ਸਿਆਸੀ ਤੇ ਅਫ਼ਸਰਸ਼ਾਹੀ ਦੀ ਸ਼ਹਿ ਕਾਰਨ ਕਿਸਾਨਾਂ ਨੂੰ ਖੋਰਾ ਲਾ ਦਿੱਤਾ ਹੈ। ਭੂ-ਮਾਫੀਆ ਨੇ ਕਿਸਾਨਾਂ ਨੂੰ ਗੁਮਰਾਹ ਕਰਕੇ ਐਨ ਐਚ-105 ਬੀ ਬਾਈਪਾਸ ਲੰਘਣ ਤੋਂ ਪਹਿਲਾਂ ਹੀ ਕੌਡੀਆਂ ਦੇ ਭਾਅ ਜ਼ਮੀਨਾਂ ਖਰੀਦ ਲਈਆਂ ਜੋ ਦੋ ਮਹੀਨਿਆਂ ਬਾਅਦ ਹੀ ਸਰਕਾਰ ਵਲੋਂ ਐਕਵਾਇਰ ਕਰ ਲਈ ਗਈ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲੱਗਣ ਦਾ ਖਦਸ਼ਾ ਹੈ।
ਇਥੇ ਮਾਲ ਅਧਿਕਾਰੀਆਂ ਨੂੰ ਸਿਆਸੀ ਸੇਵਾ ਮਹਿੰਗੀ ਪੈ ਗਈ ਹੈ। ਬਹੁ-ਕਰੋੜੀ ਬਾਈਪਾਸ ਹਾਈਵੇਅ ਜ਼ਮੀਨ ਘੁਟਾਲਾ ਉਜਾਗਰ ਹੋਣ ’ਤੇ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ ਦਾ ਰਣਜੀਤ ਸਾਗਰ ਡੈਮ ਅਤੇ ਨਾਇਬ ਤਹਿਸੀਲਦਾਰ ਦਾ ਢੋਲਬਾਹਾ ਡੈਮ ਤਬਾਦਲਾ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ 10 ਜੂਨ ਨੂੰ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਥਾਨਕ ਵਿਧਾਇਕ ਡਾ. ਹਰਜੋਤ ਕਮਲ ’ਤੇ ਵੀ ਗੰਭੀਰ ਦੋਸ਼ ਲਾਏ ਸਨ। ਇਸ ਮਗਰੋਂ ਸਰਕਾਰ ਨੇ ਦੋਵਾਂ ਤਹਿਸੀਲਦਾਰਾਂ ਖ਼ਿਲਾਫ਼ ਤਾਂ ਕਾਰਵਾਈ ਕਰ ਦਿੱਤੀ ਪਰ ਭੂ-ਮਾਫ਼ੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਪੀੜਤਾਂ ਨੂੰ ਇਨਸਾਫ਼ ਮਿਲਿਆ। ਪੀੜਤ ਵਿਧਵਾ ਮਨਜੀਤ ਕੌਰ ਮੁਤਾਬਕ ਉਸ ਦੇ ਪੁੱਤਰ ਤੋਂ ਭੂ ਮਾਫ਼ੀਆ ਨੇ ਰਜਿਸਟਰੀ ਵੀ ਕਰਵਾ ਲਈ ਅਤੇ ਧੋਖੇ ਨਾਲ ਪਾਵਰ ਆਫ਼ ਅਟਾਰਨੀ ਵੀ ਲੈ ਲਈ। ਭੂ-ਮਾਫ਼ੀਆ ਨੇ ਕਥਿਤ ਸਿਆਸੀ ਗੰਢਤੁੱਪ ਕਰਕੇ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਕੋਲੋਂ ਕੌਡੀਆਂ ਦੇ ਭਾਅ ਸਸਤੀਆਂ ਜ਼ਮੀਨਾਂ ਖਰੀਦ ਕੇ ਦੋ ਮਹੀਨਿਆਂ ਬਾਅਦ ਹੀ ਸਰਕਾਰ ਨੂੰ ਐਕਵਾਇਰ ਕਰਵਾ ਦਿੱਤੀਆਂ।