ਪਾਲ ਸਿੰਘ ਨੌਲੀ
ਜਲੰਧਰ, 11 ਅਗਸਤ
ਟੋਕੀਓ ਓਲੰਪਿਕ ਵਿਚ ਹਾਕੀ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਜਲੰਧਰ ਪਹੁੰਚੇ ਖਿਡਾਰੀਆਂ ਦਾ ਲੋਕਾਂ ਨੇ ਨਿੱਘਾ ਸਵਾਗਤ ਕੀਤਾ। ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਵਰੁਣ ਕੁਮਾਰ ਨੂੰ ਬੀਐੱਸਐੱਫ ਚੌਕ ਤੋਂ ਫੁੱਲਾਂ ਨਾਲ ਸਜਾਈ ਖੁੱਲ੍ਹੀ ਜੀਪ ਵਿੱਚ ਲਿਆਂਦਾ ਗਿਆ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਅਸਮਾਨੀ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਜਦੋਂ ਇਹ ਖਿਡਾਰੀ ਢੋਲ-ਢਮੱਕੇ ਨਾਲ ਖੁੱਲ੍ਹੀ ਜੀਪ ’ਚ ਲੰਘ ਰਹੇ ਸਨ ਤਾਂ ਲੋਕ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ। ਗੁਰੂ ਨਾਨਕ ਮਿਸ਼ਨ ਗੁਰਦੁਆਰਾ ਵਿੱਚ ਇਨ੍ਹਾਂ ਖਿਡਾਰੀਆਂ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਸਿਰੋਪੇ ਤੇ ਸ੍ਰੀ ਸਾਹਿਬ ਭੇਟ ਕੀਤੀਆਂ ਗਈਆਂ।
ਮਾਡਲ ਟਾਊਨ ਵਿੱਚੋਂ ਜਿਉਂ ਹੀ ਖਿਡਾਰੀਆਂ ਦੀ ਜੀਪ ਲੰਘੀ ਤਾਂ ਲੋਕਾਂ ਦਾ ਵੱਡਾ ਇਕੱਠ ਉਨ੍ਹਾਂ ਨੂੰ ਸ਼ੁੱਭ ਇੱਛਾਵਾਂ ਦੇ ਰਿਹਾ ਸੀ।
ਲੋਕ ਜੇਤੂ ਖਿਡਾਰੀਆਂ ਨਾਲ ਸੈਲਫੀਆਂ ਲੈ ਕੇ ਮਾਣ ਮਹਿਸੂਸ ਕਰ ਰਹੇ ਸਨ। ਇਹ ਤਿੰਨੋਂ ਖਿਡਾਰੀ ਮਿੱਠਾਪੁਰ ਪਿੰਡ ਦੇ ਰਹਿਣ ਵਾਲੇ ਹਨ ਤੇ ਪਿੰਡ ਪਹੁੰਚਣ ’ਤੇ ਸਭ ਤੋਂ ਪਹਿਲਾਂ ਉਨ੍ਹਾਂ ਗੁਰਦੁਆਰੇ ਮੱਥਾ ਟੇਕਿਆ। ਇਸ ਮੌਕੇ ਸਾਬਕਾ ਓਲੰਪੀਅਨ ਤੇ ਵਿਧਾਇਕ ਪਰਗਟ ਸਿੰਘ ਅਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਸਾਬਕਾ ਹੋਰ ਸਾਬਕਾ ਓਲੰਪੀਅਨਾਂ ਨੇ ਹਾਕੀ ਟੀਮ ਵੱਲੋਂ ਰਚੇ ਗਏ ਇਤਿਹਾਸ ’ਤੇ ਫਖ਼ਰ ਮਹਿਸੂਸ ਕੀਤਾ ਤੇ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾਦਾਇਕ ਦੱਸਿਆ। ਇਸ ਤੋਂ ਬਾਅਦ ਤਿੰਨੋਂ ਖਿਡਾਰੀ ਮਿੱਠਾਪੁਰ ਦੀ ਆਪਣੀ ਹਾਕੀ ਗਰਾਊਂਡ ਵਿੱਚ ਗਏ, ਜਿੱਥੇ ਉਨ੍ਹਾਂ ਗਰਾਊਂਡ ਨੂੰ ਸਿਰ ਝੁਕਾ ਕੇ ਸਿਜਦਾ ਕੀਤਾ। ਇੱਥੇ ਜੂਨੀਅਰ ਖਿਡਾਰੀਆਂ ਨੇ ਹਾਕੀਆਂ ਉੱਚੀਆਂ ਕਰ ਕੇ ਉਨ੍ਹਾਂ ਨੂੰ ਸਲਾਮੀ ਦਿੱਤੀ ਤੇ ਫੁੱਲਾਂ ਦੀ ਵਰਖਾ ਕੀਤੀ।
ਛੇ ਮਹੀਨਿਆਂ ਬਾਅਦ ਮਾਂ ਦੀ ਗੋਦੀ ’ਚ ਸਿਰ ਰੱਖ ਕੇ ਸੁੱਤਾ ਮਨਪ੍ਰੀਤ
ਓਲੰਪਿਕ ਵਿੱਚ 41 ਸਾਲਾਂ ਬਾਅਦ ਕਾਂਸੀ ਦਾ ਤਗ਼ਮਾ ਜਿੱਤਣ ਦੀਆਂ ਸਾਰੀਆਂ ਖੁਸ਼ੀਆਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਆਪਣੀ ਮਾਂ ਦੀ ਝੋਲੀ ਪਾ ਦਿੱਤੀਆਂ ਹਨ। ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਉਸ ਦਾ ਸਿਰ ਫਖ਼ਰ ਨਾਲ ਉਦੋਂ ਉੱਚਾ ਹੋ ਗਿਆ, ਜਦੋਂ ਉਸ ਦੇ ਪੁੱਤ ਨੇ ਟੋਕੀਓ ’ਚ ਜਿੱਤਿਆ ਕਾਂਸੀ ਦਾ ਤਗ਼ਮਾ ਉਸ ਦੇ ਗਲ਼ ਪਾ ਦਿੱਤਾ। ਮਨਜੀਤ ਕੌਰ ਨੇ ਕਿਹਾ, ‘‘ਮਨਪ੍ਰੀਤ ਨੂੰ ਘਰੋਂ ਗਿਆਂ ਪੰਜ-ਛੇ ਮਹੀਨੇ ਹੋ ਗਏ ਸਨ। ਉਸ ਦੀ ਜਿੱਤ ਨੇ ਮੇਰੇ ਹੀ ਨਹੀਂ, ਦੇਸ਼ ਦੇ ਹੋਰ ਲੋਕਾਂ ਦੇ ਹਿਰਦਿਆਂ ਵਿੱਚ ਠੰਢ ਵਰਤਾਈ ਹੈ।’’ ਮਨਜੀਤ ਕੌਰ ਨੇ ਕਿਹਾ ਕਿ ਉਸ ਨੂੰ ਬੜਾ ਫਖ਼ਰ ਮਹਿਸੂਸ ਹੋਇਆ, ਜਦੋਂ ਉਸ ਦਾ ਪੁੱਤਰ ਹੋਰ ਖਿਡਾਰੀਆਂ ਨਾਲ ਘਰ ਦੇ ਵਿਹੜੇ ਆਇਆ।
ਅਗਲਾ ਨਿਸ਼ਾਨਾ ਕਾਮਨਵੈਲਥ, ਏਸ਼ਿਆਈ ਖੇਡਾਂ ਤੇ ਵਿਸ਼ਵ ਹਾਕੀ ਕੱਪ: ਮਨਪ੍ਰੀਤ ਸਿੰਘ
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਮੁੱਚੀ ਟੀਮ ਨੇ ਜਿੱਤਣ ਲਈ ਪੂਰਾ ਜ਼ੋਰ ਲਾਇਆ ਸੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਹੋਰ ਵੀ ਵਧੀਆ ਖੇਡਣਗੇ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਜੁਲਾਈ ਵਿੱਚ ਕਾਮਨਵੈਲਥ ਖੇਡਾਂ ਤੇ ਏਸ਼ਿਆਈ ਖੇਡਾਂ ਤੇ ਉਸ ਤੋਂ ਬਾਅਦ ਸਾਲ 2023 ਵਿੱਚ ਭਾਰਤ ’ਚ ਹਾਕੀ ਦਾ ਵਿਸ਼ਵ ਕੱਪ ਹੋਣਾ ਹੈ। ਇਸ ’ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।