ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਜਨਵਰੀ
ਹਵਾਰਾ ਕਮੇਟੀ ਨੇ ਆਖਿਆ ਕਿ ਦਿੱਲੀ ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣਾ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਸਰਕਾਰ ਪ੍ਰਤੀ ਰੋਸ ਦਾ ਪ੍ਰਗਟਾਵਾ ਹੈ। ਕਮੇਟੀ ਆਗੂ ਪ੍ਰੋ. ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਦਿਲਸ਼ੇਰ ਸਿੰਘ ਅਤੇ ਮਹਾਂਬੀਰ ਸਿੰਘ ਸਮੇਤ ਹੋਰਾਂ ਨੇ ਆਖਿਆ ਕਿ ਜਦੋਂ ਗਲਵਾਨ ਘਾਟੀ ਵਿੱਚ ਨਿਸ਼ਾਨ ਸਾਹਿਬ ਲਾਇਆ ਗਿਆ ਤਾਂ ਉਸ ਵੇਲੇ ਸ਼ਲਾਘਾ ਕੀਤੀ ਗਈ ਪਰ ਹੁਣ ਜਦੋਂ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਲਾਇਆ ਤਾਂ ਬੇਲੋੜਾ ਵਿਵਾਦ ਕਿਉਂ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਨਿਸ਼ਾਨ ਸਾਹਿਬ ਤਾਂ ਬਰਾਬਰੀ, ਧਾਰਮਿਕ ਸਹਿਣਸ਼ੀਲਤਾ, ਭਾਈਚਾਰੇ, ਨਿਮਰਤਾ ਤੇ ਸੇਵਾ ਦਾ ਸੁਨੇਹਾ ਦਿੰਦਾ ਹੈ।