ਬੀਐੱਸ ਚਾਨਾ
ਕੀਰਤਪੁਰ ਸਾਹਿਬ, 15 ਮਾਰਚ
ਖਾਲਸਈ ਸ਼ਾਨੋ-ਸ਼ੌਕਤ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ-ਮਹੱਲੇ ਦੇ ਅੱਜ ਦੂਜੇ ਦਿਨ ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਪਤਾਲਪੁਰੀ ਸਾਹਿਬ, ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਸੀਸ ਮਹਿਲ ਸਾਹਿਬ, ਗੁਰਦੁਆਰਾ ਤੀਰ ਸਾਹਿਬ, ਗੁਰਦੁਆਰਾ ਕੋਟ ਸਾਹਿਬ, ਗੁਰਦੁਆਰਾ ਹਰਿਮੰਦਰ ਸਾਹਿਬ, ਗੁਰਦੁਆਰਾ ਬਬਿਾਣਗੜ੍ਹ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਬਾਬਾ ਸ੍ਰੀ ਚੰਦ ਜੀ ਅਤੇ ਦਰਗਾਹ ਬਾਬਾ ਬੁੱਢਣ ਸ਼ਾਹ ’ਤੇ ਨਤਮਸਤਕ ਹੋਈ। ਬੀਤੇ ਕੱਲ੍ਹ ਗੁਰਦੁਆਰਾ ਪਤਾਲਪੁਰੀ ਸਾਹਿਬ ਸਮੇਤ ਬਾਕੀ ਗੁਰਦੁਆਰਿਆਂ ਵਿਚ ਅਖੰਡ ਪਾਠ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਅੱਜ ਮੱਧ ਦੇ ਭੋਗ ਪਾਏ ਗਏ। ਜ਼ਿਕਰਯੋਗ ਹੈ ਕਿ ਹੋਲੇ-ਮਹੱਲੇ ਸਬੰਧੀ ਕੀਰਤਪੁਰ ਸਾਹਿਬ ਦੇ ਵੱਖ-ਵੱਖ ਗੁਰੂ ਘਰਾਂ ਨੂੰ ਖੂਬਸੂਰਤ ਰੋਸ਼ਨੀਆਂ ਨਾਲ ਸਜਾਇਆ ਗਿਆ ਹੈ ਜੋ ਕਿ ਬਾਹਰੋਂ ਆਉਣ ਵਾਲੀ ਸੰਗਤ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਇਸ ਦੌਰਾਨ ਸੰਗਤ ਜਿੱਥੇ ਗੁਰੂ ਘਰਾਂ ਵਿੱਚ ਮੱਥਾ ਟੇਕ ਰਹੀ ਹੈ ਉੱਥੇ ਹੀ ਪਵਿੱਤਰ ਸਰੋਵਰਾਂ ਵਿਚ ਵੀ ਇਸ਼ਨਾਨ ਕਰ ਰਹੀ ਹੈ। ਇਸ ਤੋਂ ਇਲਾਵਾ ਕੀਰਤਪੁਰ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਲੋਕਾਂ ਨੇ ਵੀ ਆਪਣੇ ਤੌਰ ’ਤੇ ਸੰਗਤ ਲਈ ਲੰਗਰ ਲਾਏ ਹੋਏ ਹਨ। ਦੱਸਣਯੋਗ ਹੈ ਕਿ 14 ਮਾਰਚ ਤੋਂ ਕੀਰਤਪੁਰ ਸਾਹਿਬ ਵਿੱਚ ਸ਼ੁਰੂ ਹੋਏ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ 16 ਮਾਰਚ ਨੂੰ ਹੋਵੇਗੀ ਅਤੇ ਸੰਗਤ ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਗੁਰੂ ਘਰਾਂ ਦੇ ਦਰਸ਼ਨ ਕਰ ਕੇ ਆਨੰਦਪੁਰ ਸਾਹਿਬ ਵੱਲ ਚਾਲੇ ਪਾਵੇਗੀ। ਆਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਦੇ ਦੂਜੇ ਪੜਾਅ 17 ਮਾਰਚ ਨੂੰ ਸ਼ੁਰੂ ਹੋਣਗੇ।