ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਜੁਲਾਈ
ਪੰਜਾਬ ਪੁਲੀਸ ਨਾਲ ਡਿਊਟੀ ਕਰ ਰਹੇ ਹੋਮਗਾਰਡ ਮੁਲਾਜ਼ਮਾਂ ਨੂੰ ਵੀ ਵੱਢੀ ਲੈਣ ਦੀ ਚੇਟਕ ਲੱਗ ਗਈ ਹੈ। ਇਥੇ ਹੋਮਗਾਰਡ ਮੁਲਾਜ਼ਮ ਵੱਲੋਂ ਵੱਢੀ ਲੈਣ ਦੀ ਘਟਨਾ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ ਹੈ। ਹੋਮ ਗਾਰਡ ਮੁਲਾਜ਼ਮ ਦੇ ਮੂੰਹ ’ਤੇ ਮਾਸਕ ਨਹੀਂ ਹੈ। ਇਥੇ ਟਰੈਫ਼ਿਕ ਪੁਲੀਸ ਨਾਲ ਡਿਉੂਟੀ ਕਰ ਰਹੇ ਹੋਮਗਾਰਡ ਮੁਲਾਜ਼ਮ ਨੇ ਇੱਕ ਨੌਜਵਾਨ ਨੂੰ ਕਰੋਨਾ ਮਹਾਂਮਾਰੀ ਦੀ ਉਲੰਘਣਾ ਦਾ ਡਰਾਵਾ ਦਿੱਤਾ। ਇਸ ਮਗਰੋਂ ਨੌਜਵਾਨ ਨੇ ਕਿਸੇ ਝੰਜਟ ’ਚੋਂ ਬਚਣ ਲਈ ਹੋਮਗਾਰਡ ਵਾਲੰਟੀਅਰ ਨੂੰ ਲਾਲਚ ਦੇ ਦਿੱਤਾ। ਡਿਉੂਟੀ ਸਥਾਨ ਨੇੜੇ ਇੱਕ ਦੁਕਾਨ ਅੰਦਰ ਪਹਿਲਾਂ ਨੌਜਵਾਨ ਚਲਾ ਗਿਆ ਅਤੇ ਪਿੱਛੇ ਹੋਮਗਾਰਡ ਮੁਲਾਜ਼ਮ ਨੇ ਕਥਿਤ ਵੱਢੀ ਦੀ ਰਕਮ ਫੜ ਕੇ ਜੇਬ ’ਚ ਪਾ ਲਈ। ਪੂਰੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹੋਮਗਾਰਡ ਵਾਲੰਟੀਅਰ ਅਤੇ ਪੰਜਾਬੀ ਪੁਲੀਸ ਨਾਲ ਮਿਲਦੀ ਜੁਲਦੀ ਵਰਦੀ ਕਾਰਨ ਬਹੁਤੇ ਲੋਕ ਹੋਮਗਾਰਡ ਮੁਲਾਜ਼ਮਾਂ ਨੂੰ ਪੰਜਾਬ ਪੁਲੀਸ ਦਾ ਮੁਲਾਜ਼ਮ ਸਮਝ ਲੈਂਦੇ ਹਨ। ਬਹੁਤੇ ਹੋਮਗਾਰਡ ਮੁਲਾਜ਼ਮਾਂ ਨੇ ਆਪਣੇ ਮੋਢੇ ਉੱਤੇ ਪੀਐੱਚਜੀ (ਪੰਜਾਬ ਹੋਮ ਗਾਰਡ )ਦਾ ਸਾਈਨ ਲਗਾਉਣ ਦੀ ਬਿਜਾਏ ਪੀਪੀ(ਪੰਜਾਬ ਪੁਲੀਸ) ਵਾਲਾ ਬੈਚ ਲਾਇਆ ਹੁੰਦਾ ਹੈ। ਟਰੈਫ਼ਿਕ ਇੰਚਾਰਜ਼ ਇੰਸਪੈਕਟਰ ਭੂਪਿੰਦਰ ਕੌਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਉੱਤੇ ਉਨ੍ਹਾਂ ਆਪਣੀ ਰਿਪੋਰਟ ਐੱਸਐੱਸਪੀ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੋਮਗਾਰਡ ਵੱਖਰਾ ਵਿੰਗ ਹੋਣ ਕਰਕੇ ਮੁਲਾਜ਼ਮ ਖ਼ਿਲਾਫ਼ ਕਾਰਵਾਈ ਹੋਮਗਾਰਡ ਵਿੰਗ ਵੱਲੋਂ ਕੀਤੀ ਜਾਣੀ ਹੈ।