ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 10 ਜੁਲਾਈ
ਇੱਥੇ ਬੱਸ ਸਟੈਂਡ ਦੇ ਨੇੜਿਓਂ ਹੋਮਗਾਰਡ ’ਚ ਕੰਮ ਕਰਦੇ ਮੁਲਾਜ਼ਮ ਦੀ ਭੇਤਭਰੇ ਹਾਲਾਤ ’ਚ ਸੜਕ ਕਿਨਾਰੇ ਪਈ ਲਾਸ਼ ਬਰਾਮਦ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰਾਂ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਮਦਨ ਲਾਲ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਉਹ ਪੰਜਾਬ ਪੁਲੀਸ ਦੇ ਹੋਮਗਾਰਡ ਵਿਭਾਗ ’ਚ ਕੰਮ ਕਰਦਾ ਸੀ ਅਤੇ ਅੱਜ ਫਾਜ਼ਿਲਕਾ ਦੇ ਬੱਸ ਸਟੈਂਡ ਦੇ ਨੇੜੇ ਡਿੱਗਿਆ ਹੋਇਆ ਮਿਲਿਆ। ਉਸ ਨੂੰ ਜਦੋਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਹ ਮ੍ਰਿਤਕ ਪਾਇਆ ਗਿਆ। ਉੁਨ੍ਹਾਂ ਦੱਸਿਆ ਕਿ ਲਾਸ਼ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਮੁਰਦਘਾਟ ਵਿਚ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਦੱਸ ਦਈਏ ਕਿ ਕੱਲ੍ਹ ਇਸੇ ਹੀ ਬੱਸ ਸਟੈਂਡ ਤੋਂ ਇੱਕ ਬੀਐੱਸਐੱਫ ਦੇ ਜਵਾਨ ਦੀ ਲਾਸ਼ ਮਿਲੀ ਸੀ।