ਜਸਬੀਰ ਸਿੰਘ ਚਾਨਾ
ਫਗਵਾੜਾ, 15 ਜੁਲਾਈ
ਪਿੰਡ ਵਿਰਕਾਂ ਵਿੱਚ ਐੱਸਟੀਐੱਫ ਵੱਲੋਂ ਇੱਕ ਘਰ ’ਚ ਮਾਰੇ ਛਾਪੇ ਦੌਰਾਨ ਮਕਾਨ ਮਾਲਕ ਦੀ ਸਿਹਤ ਵਿਗੜਨ ਮਗਰੋਂ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਕਾਰਨ ਪਿੰਡ ਦੀ ਸਥਿਤੀ ਕਾਫ਼ੀ ਤਣਾਅਪੂਰਨ ਬਣੀ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਉਰਫ਼ ਸ਼ਿਵ ਦੇ ਘਰ ਅੱਜ ਸਵੇਰੇ 8 ਵਜੇ ਦੇ ਕਰੀਬ ਪੁਲੀਸ ਟੀਮ ਸਾਦੇ ਕੱਪੜਿਆਂ ਵਿੱਚ ਆਈ, ਜਿਸ ਵਿੱਚ 5-6 ਮੁਲਾਜ਼ਮ ਸ਼ਾਮਲ ਸਨ। ਇਸ ਦੌਰਾਨ ਪੁਲੀਸ ਨੇ ਘਰ ਵਿੱਚ ਦਾਖ਼ਲ ਹੋ ਕੇ ਘਰ ਦੀ ਤਲਾਸ਼ੀ ਲਈ ਤੇ ਪਰਿਵਾਰ ਦੀ ਕੁੱਟਮਾਰ ਕੀਤੀ। ਮ੍ਰਿਤਕ ਦੇ ਪੁੱਤਰ ਨੰਨੂ ਨੇ ਦੱਸਿਆ ਕਿ ਉਨ੍ਹਾਂ ’ਤੇ ਪਹਿਲਾਂ ਇਕ ਕੇਸ ਚੱਲਦਾ ਹੈ, ਜਿਸ ਸਬੰਧੀ ਪੁਲੀਸ ਨੇ ਪੁੱਛ-ਪੜਤਾਲ ਕਰਨ ਲਈ ਉਸ ਦੇ ਪਿਤਾ ਨਾਲ ਕੁੱਟਮਾਰ ਕੀਤੀ। ਸਿਹਤ ਵਿਗੜਨ ਮਗਰੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਮੌਕੇ ਉਨ੍ਹਾਂ ਪੁਲੀਸ ਟੀਮ ’ਤੇ ਪੰਜ ਲੱਖ ਰੁਪਏ ਮੰਗਣ ਦਾ ਵੀ ਦੋਸ਼ ਲਾਇਆ। ਵਾਰਸਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਕਸੂਰਵਾਰਾਂ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ ਹੀ ਉਹ ਦੇਹ ਦਾ ਸਸਕਾਰ ਕਰਨਗੇ। ਖ਼ਬਰ ਲਿਖੇ ਜਾਣ ਤੱਕ ਪਰਿਵਾਰ ਉਕਤ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ’ਤੇ ਅੜਿਆ ਹੋਇਆ ਸੀ। ਇਸ ਸਬੰਧੀ ਐੱਸਪੀਡੀ ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਖ਼ਿਲਾਫ਼ ਪਹਿਲਾਂ ਹੀ ਟ੍ਰੈਵਲ ਏਜੰਟ ਤੇ ਨਸ਼ਿਆਂ ਸਬੰਧੀ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਅੱਜ ਵਾਪਰੀ ਘਟਨਾ ਦੀ ਜਾਂਚ ਚੱਲ ਰਹੀ ਹੈ।