ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਸਤੰਬਰ
ਏਅਰਫੋਰਸ ਸਟੇਸ਼ਨ ਵਿੰਗ ਕਮਾਂਡਰ ਦੀ ਸ਼ਿਕਾਇਤ ’ਤੇ ਲੁਧਿਆਣਾ ਪੁਲੀਸ ਨੇ ਪਿੰਡ ਉੱਚੀ ਦਾਊਦ ਵਾਸੀ ਜਸਵਿੰਦਰ ਸਿੰਘ ਖ਼ਿਲਾਫ਼ ਪਾਕਿਸਤਾਨ ਖੁਫ਼ੀਆ ਏਜੰਸੀ ਨੂੰ ਵਟਸਐਪ ਦਾ ਖੁਫੀਆ ਕੋਡ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਧਪੁਰ ’ਚ ਤੈਨਾਤ ਵਿੰਗ ਕਮਾਂਡਰ ਵੀਕੇ ਬਿਸ਼ਨੋਈ ਨੇ ਪੁਲੀਸ ਕਮਿਸ਼ਨਰ ਲੁਧਿਆਣਾ ਨੂੰ ਈਮੇਲ ਰਾਹੀਂ ਇੱਕ ਸ਼ਿਕਾਇਤ ਭੇਜੀ ਸੀ। ਇਸ ’ਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਖੁਫ਼ੀਆ ਏਜੰਸੀ ਨੇ ਇੱਕ ਮੋਬਾਈਲ ਫੋਨ ਨੂੰ ਟਰੇਸ ਕੀਤਾ ਹੈ, ਜਿਸ ’ਚ ਇੱਕ ਔਰਤ ਸੈਨਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ। ਇਸ ਲਈ ਉਹ ਵਟਸਐਪ ਦੀ ਵਰਤੋਂ ਕਰ ਰਹੀ ਹੈ, ਜਿਸ ਨੰਬਰ ’ਤੇ ਇਹ ਵਟਸਐਪ ਚੱਲ ਰਿਹਾ ਹੈ, ਉਹ ਪਿੰਡ ਉੱਚੀ ਦਾਊਦ ਵਾਸੀ ਜਸਵਿੰਦਰ ਸਿੰਘ ਦੇ ਨਾਮ ’ਤੇ ਚੱਲ ਰਿਹਾ ਹੈ। ਡਿਵੀਜ਼ਨ ਨੰ. 6 ਦੀ ਪੁਲੀਸ ਨੇ ਮੁਲਜ਼ਮ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਪੁੱਛ-ਪੜਤਾਲ ’ਚ ਖੁਲਾਸਾ ਹੋਇਆ ਕਿ ਮੁਲਜ਼ਮ ਜਸਵਿੰਦਰ ਸਿੰਘ ਮਾਲੇਰਕੋਟਲਾ ਸਥਿਤ ਇੱਕ ਫੈਕਟਰੀ ’ਚ ਕੰਮ ਕਰਦਾ ਹੈ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦੀ ਔਰਤ ਨੇ ਖੁਦ ਨੂੰ ਬਠਿੰਡਾ ਦੀ ਜਸਲੀਨ ਕੌਰ ਬਰਾੜ ਦੱਸਿਆ। ਮਹਿਲਾ ਨੇ ਜਸਵਿੰਦਰ ਤੋਂ ਵਟਸਐਪ ਕੋਡ ਹਾਸਲ ਕਰਕੇ ਉਸ ਦੇ ਵਟਸਐਪ ਨੂੰ ਪਾਕਿਸਤਾਨ ’ਚ ਚਲਾਇਆ ਤੇ ਜੈਪੁਰ ਸਥਿਤ ਏਅਰਫੋਰਸ ਸਟੇਸ਼ਨ ਦੇ ਸੱਤ ਅਧਿਕਾਰੀਆਂ ਨਾਲ ਸੰਪਰਕ ਕੀਤਾ। ਇਹੀ ਨਹੀਂ ਇਹ ਮਹਿਲਾ ਔਰਤ ਸੈਨਾ ਦੇ ਦੋ ਵਟਸਐਪ ਗਰੁੱਪਾਂ ਵਿੱਚ ਵੀ ਸ਼ਾਮਲ ਹੋ ਚੁੱਕੀ ਸੀ। ਔਰਤ ਨੇ ਜਸਵਿੰਦਰ ਸਿੰਘ ਨੂੰ ਫੋਨ ਪੇਅ ਰਾਹੀਂ 10 ਹਜ਼ਾਰ ਰੁਪਏ ਟਰਾਂਸਫਰ ਕੀਤੇ, ਜੋ ਅੱਗੇ ਜਸਵਿੰਦਰ ਸਿੰਘ ਨੇ ਪੂਨਾ ਦੇ ਇੱਕ ਖਾਤੇ ’ਚ ਭੇਜੇ ਹਨ। ਮੁਲਜ਼ਮ ਇਸ ਪਾਕਿ ਮਹਿਲਾ ਨੂੰ ਵਟਸਐਪ ਚਲਾਉਣ ਲਈ ਤਿੰਨ ਮੋਬਾਈਲ ਫੋਨਾਂ ਦੇ ਕੋਡ ਭੇਜ ਚੁੱਕਿਆ ਹੈ।