ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਜੂਨ
ਇਥੇ ਥਾਣਾ ਸਦਰ ਅਧੀਨ ਪਿੰਡ ਧੱਲੇਕੇ ਵਿੱਚ ਅਣਖ਼ ਖਾਤਰ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕਾ ਦੇਰ ਰਾਤ ਲੜਕੀ ਨੂੰ ਮਿਲਣ ਆਇਆ ਸੀ ਕਿ ਲੜਕੀ ਪਰਿਵਾਰ ਵਾਲਿਆਂ ਨੇ ਉਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਥਾਣਾ ਸਦਰ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਇੰਦਰਜੀਤ ਸਿੰਘ (20) ਦੇ ਪਿਤਾ ਨੈਬ ਸਿੰਘ ਪਿੰਡ ਧੱਲੇਕੇ ਦੇ ਬਿਆਨਾਂ ਉੱਤੇ ਬਲਵਿੰਦਰ ਸਿੰਘ ਉਰਫ਼ ਬਿੰਦਰ, ਉਸ ਦੀ ਪਤਨੀ ਚਰਨਜੀਤ ਕੌਰ, ਧੀ ਤੋਂ ਇਲਾਵਾ ਕੁਲਵਿੰਦਰ ਸਿੰਘ ਉਰਫ਼ ਮੱਦੀ, ਦੋ ਸਕੇ ਭਰਾਵਾਂ ਗੁਰਮੀਤ ਸਿੰਘ ਤੇ ਗੁਰਦੀਪ ਸਿੰਘ, ਰਿੰਕੂ ਪੁੱਤਰ ਗੁੱਲਾ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਘਟਨਾ ਮਗਰੋਂ ਫ਼ਰਾਰ ਹੋ ਗਏ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਮੁਤਾਬਕ ਇੰਦਰਜੀਤ ਸਿੰਘ ਦੇ ਗੁਆਂਢ ਰਹਿੰਦੀ ਲੜਕੀ ਨਾਲ ਪ੍ਰੇਮ ਸਬੰਧ ਸਨ। ਸ਼ਿਕਾਇਤਕਰਤਾ ਮੁਤਾਬਕ ਅੱਜ ਸਵੇਰੇ ਤਕਰੀਬਨ ਸਾਢੇ 4 ਵਜੇ ਉਨ੍ਹਾਂ ਵੇਖਿਆ ਕਿ ਇੰਦਰਜੀਤ ਸਿੰਘ ਆਪਣੇ ਕਮਰੇ ਵਿੱਚ ਨਹੀਂ ਸੀ। ਉਹ ਪਰਿਵਾਰ ਸਮੇਤ ਭਾਲ ਕਰ ਰਹੇ ਸਨ ਕਿ ਉਨ੍ਹਾਂ ਨੂੰ ਚੀਕਾਂ ਸੁਣਾਈ ਦਿੱਤੀਆਂ। ਉਨ੍ਹਾਂ ਬਲਵਿੰਦਰ ਸਿੰਘ ਉਰਫ਼ ਬਿੰਦਰ ਦੇ ਘਰ ਵੇਖਿਆ ਤਾਂ ਇੰਦਰਜੀਤ ਸਿੰਘ ਦੀ ਰਾਡਾਂ ਤੇ ਸੋਟੀਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਉਨ੍ਹਾਂ ਰੌਲਾ ਪਾਇਆ ਤੇ ਸਾਬਕਾ ਸਰਪੰਚ ਹਰਬੰਸ ਸਿੰਘ ਨੂੰ ਮੌਕੇ ਉੱਤੇ ਸੱਦਿਆ। ਇੰਦਰਜੀਤ ਨੂੰ ਹਸਪਤਾਲ ਲੈ ਕੇ, ਜਿੱਥੇ ਗੰਭੀਰ ਸੱਟਾਂ ਕਰਕੇ ਉਸ ਦੀ ਮੌਤ ਹੋ ਗਈ।