ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 2 ਅਪਰੈਲ
ਕੈਨੇਡਾ ਦੇ ਸੂਬੇ ਵਿਨੀਪੈਗ ਵਿਧਾਨ ਸਭਾ ਦੀ ਸਪੀਕਰ ਦੇਵੀ ਸ਼ਰਮਾ ਨੇ ਆਪਣੇ ਨਾਨਕੇ ਪਿੰਡ ਮੁੱਲਾਂਪੁਰ ਗਰੀਬਦਾਸ ਦਾ ਗੇੜਾ ਲਾਇਆ। ਇਸ ਮੌਕੇ ਉਨ੍ਹਾਂ ਦੇ ਪਿਤਾ ਸੁਸ਼ੀਲ ਸ਼ਰਮਾ, ਮਾਤਾ ਸੁਮਨ ਸ਼ਰਮਾ ਤੇ ਪੁੱਤਰ ਡੈਲਨ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ਮੁੱਲਾਂਪੁਰ ਗਰੀਬਦਾਸ ਦੀ ਪੰਚਾਇਤ, ਮਾਰਕੀਟ ਕਮੇਟੀ, ਪੁਰੀ ਟਰੱਸਟ, ਦਿਸ਼ਾ ਅਕੈਡਮੀ ਸਪੋਰਟਸ ਕਲੱਬ ਵੱਲੋਂ ਸਪੀਕਰ ਦੇਵੀ ਸ਼ਰਮਾ ਨੂੰ ‘ਪੰਜਾਬ ਦੀ ਧੀ’ ਸਨਮਾਨ ਦਿੱਤਾ ਗਿਆ। ਉਨ੍ਹਾਂ ਨੂੰ ਜਸਪਾਲ ਵਰਮਾ ਗੁੱਡੂ ਸੁਨਿਆਰ ਵੱਲੋਂ ਚਾਂਦੀ ਦੀ ਮੂਰਤੀ ਅਤੇ ਡਾਇਰੈਕਟਰ ਮਹਿੰਦਰ ਸ਼ਰਮਾ ਵੱਲੋਂ ਭਗਵਤ ਗੀਤਾ ਨਾਲ ਸਨਮਾਨਿਆ ਗਿਆ।
ਸਪੀਕਰ ਦੇਵੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੁੱਲਾਂਪੁਰ ਗਰੀਬਦਾਸ ਦੀ ਜੰਮਪਲ ਹੈ ਅਤੇ ਉਨ੍ਹਾਂ ਦੇ ਪਿਤਾ ਸਾਲ 1972 ਵਿੱਚ ਕੈਨੇਡਾ ਚਲੇ ਗਏ ਸਨ। ਇੰਡੋ-ਕੈਨੇਡੀਅਨ ਨਿਊਜ਼ ਪੇਪਰ ਦੇ ਸੰਪਾਦਕ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੰਡਤ ਪ੍ਰਕਾਸ਼ ਚੰਦ ਸ਼ਰਮਾ ਆਜ਼ਾਦੀ ਮਿਲਣ ਤੋਂ ਬਾਅਦ ਇਲਾਕੇ ਦੇ ਪਹਿਲੇ ਸਰਪੰਚ ਬਣੇ ਸਨ। ਕੈਨੇਡਾ ਵਿੱਚ 25 ਸਾਲ ਸਮਾਜ ਸੇਵਾ ਕਰਨ ਬਦਲੇ ਉਥੋਂ ਦੇ ਸੰਸਦ ਮੈਂਬਰ ਰੈਜਲਕੌਕ ਵੱਲੋਂ ਸ਼ਰਮਾ ਪਰਿਵਾਰ ਨੂੰ ਗੋਲਡਨ ਜੁਬਲੀ ਐਵਾਰਡ ਦਿੱਤਾ ਗਿਆ। ਦੇਵੀ ਸ਼ਰਮਾ ਨੇ ਕੈਨੇਡਾ ਵਿੱਚ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੇ ਸਾਲ 2000 ਵਿੱਚ ਪੜ੍ਹਦੇ ਸਮੇਂ ਹੀ ਵੱਕਾਰੀ ‘ਵਿਮੈਨ ਸਨਮਾਨ ‘ਆਫ ਡਿਸਟਿੰਕਸ਼ਨ ਪੁਰਸਕਾਰ’ ਪ੍ਰਾਪਤ ਕੀਤਾ ਸੀ। ਮੈਨੀਟੋਬਾ ਦੇ 140 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ 2010 ਵਿੱਚ ਪਹਿਲੀ ਏਸ਼ੀਅਨ ਭਾਰਤੀ ਔਰਤ ਸਿਟੀ ਤੋਂ ਕੌਂਸਲਰ ਚੁਣੀ ਗਈ। ਸਾਲ 2013 ਦੌਰਾਨ ਮੈਨੀਟੋਬਾ ਵਿਧਾਨ ਸਭਾ ਦੀ ਪਹਿਲੀ ਭਾਰਤੀ ਔਰਤ ਸਪੀਕਰ ਵਜੋਂ ਚੁਣੀ ਗਈ।