ਪੱਤਰ ਪ੍ਰੇਰਕ
ਦਸੂਹਾ, 8 ਸਤੰਬਰ
ਰਾਜਸਥਾਨ ਵਿਖੇ ਰੱਸਾਕਸ਼ੀ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈ 34ਵੀਂ ਕੌਮੀ ਸੀਨੀਅਰ ਰੱਸਾਕਸ਼ੀ ਚੈਂਪੀਅਨਸ਼ਿਪ ਵਿੱਚ ਪੰਜਾਬ ਵੱਲੋਂ ਹਿੱਸਾ ਲੈਣ ਵਾਲੇ ਦਸੂਹਾ ਦੇ ਖਿਡਾਰੀ ਤਰਲੋਕ ਸਿੰਘ ਅਤੇ ਹਰਮਨਜੀਤ ਸਿੰਘ ਨੇ ਮੈਡਲ ਜਿੱਤ ਕੇ ਸੂਬੇ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਦਸੂਹਾ ਪੁੱਜਣ ’ਤੇ ਇਨ੍ਹਾਂ ਖਿਡਾਰੀਆਂ ਦਾ ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਸਮੇਤ ਨੌਜਵਾਨਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਖੁਸ਼ੀ ਵਿੱਚ ਜਿਥੇ ਲੱਡੂ ਵੰਡ ਗਏ ਉਥੇ ਹੀ ਖਿਡਾਰੀਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਜਗਮੋਹਣ ਸਿੰਘ ਬੱਬੂ ਘੁੰਮਣ ਅਤੇ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਇਨਾਂ ਖਿਡਾਰੀਆਂ ਨੇ ਦਸੂਹਾ ਦਾ ਨਾਮ ਸਮੁੱਚੇ ਦੇਸ਼ ਵਿੱਚ ਰੋਸ਼ਨ ਕੀਤਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਸੱਤਾਧਾਰੀ ਪਾਰਟੀ ਦਾ ਕੋਈ ਵੀ ਆਗੂ ਖਿਡਾਰੀਆਂ ਦਾ ਸਵਾਗਤ ਕਰਨ ਨਹੀਂ ਪੁੱਜਿਆ। ਇਸ ਮੌਕੇ ਸਾਬੀ ਖੈਰਾਬਾਦ, ਅਮਰਪ੍ਰੀਤ ਸਿੰਘ ਸੋਨੂੰ ਖਾਲਸਾ, ਦਿਲਬਾਗ ਸਿੰਘ ਗਾਲੋਵਾਲ ਮੌਜੂਦ ਸਨ।