ਚਰਨਜੀਤ ਭੁੱਲਰ
ਚੰਡੀਗੜ੍ਹ , 21 ਅਗਸਤ
ਪੰਜਾਬ ਵਿਚ ਕਲਮਾਂ ਵਾਲੇ ਹੱਥ ਹੁਣ ਕੰਧਾਂ ’ਤੇ ਹਰਫ਼ ਲਿਖ ਰਹੇ ਹਨ। ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਦੇ ਚੌਕ ਅਤੇ ਵਲ਼ਦਾਰ ਓਵਰਬਰਿੱਜ ਕੰਧਾਂ ’ਤੇ ਲਿਖੇ ਹਰਫ਼ਾਂ ਨਾਲ ਲਾਲ ਹੋਏ ਪਏ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ‘ਘਰ ਘਰ ਰੁਜ਼ਗਾਰ’ ਦੇਣ ਦਾ ਵਾਅਦਾ ਕੀਤਾ ਸੀ, ਜਿਹੜਾ ਕਿ ਪੂਰਾ ਨਹੀਂ ਕੀਤਾ ਗਿਆ। ਬੇਰੁਜ਼ਗਾਰ ਨੌਜਵਾਨ ਕਈ ਹਫ਼ਤਿਆਂ ਤੋਂ ਨਵੀਂ ਕਿਸਮ ਦੀ ਮੁਹਿੰਮ ’ਚ ਕੁੱਦੇ ਹੋਏ ਹਨ ਅਤੇ 17 ਜ਼ਿਲ੍ਹਿਆਂ ’ਚ ਨਾਅਰੇ ਲਿਖ ਚੁੱਕੇ ਹਨ। ਕੌਮੀ ਸ਼ਾਹਰਾਹਾਂ ਅਤੇ ਸੰਪਰਕ ਸੜਕਾਂ ’ਤੇ ਲਿਖੇ ਨਾਅਰੇ, ‘ਪਛਤਾਉਂਦਾ ਹੈ ਪੰਜਾਬ, ਬਣਾ ਕੇ ਕੈਪਟਨ ਦੀ ਸਰਕਾਰ’, ‘ਬੇਰੁਜ਼ਗਾਰਾਂ ਦਾ ਨਾਅਰਾ, ਕੈਪਟਨ ਨਾ ਆਵੇ ਦੁਬਾਰਾ’ ਆਦਿ ਦੂਰੋਂ ਨਜ਼ਰ ਪੈਣ ਲੱਗੇ ਹਨ।
ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਨੇ ਸਾਂਝਾ ਮੁਹਾਜ਼ ਖੋਲ੍ਹਿਆ ਹੈ। ਫਾਜ਼ਿਲਕਾ ਦੀ ਬੇਰੁਜ਼ਗਾਰ ਲੜਕੀ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਮਜਬੂਰੀ ਵਿਚ ਉਨ੍ਹਾਂ ਨੂੰ ਬੁਰਸ਼ ਚੁੱਕਣੇ ਪਏ ਹਨ ਤਾਂ ਜੋ ਕਲਮਾਂ ਨੂੰ ਨਿਆਂ ਮਿਲ ਸਕੇ। ਸੰਗਰੂਰ ਦੀ ਗਗਨਦੀਪ ਕੌਰ ਗਰੇਵਾਲ ਵੀ ਇਸੇ ਮਿਸ਼ਨ ’ਤੇ ਤੁਰੀ ਹੈ। ਉਸ ਦਾ ਕਹਿਣਾ ਹੈ ਕਿ ਚੋਣਾਂ ਵੇਲੇ ਜਦੋਂ ਨੇਤਾ ਘਰੋਂ ਨਿਕਲਣਗੇ ਤਾਂ ਇਹ ਨਾਅਰੇ ਉਨ੍ਹਾਂ ਦੇ ਰਾਹ ਘੇਰਨਗੇ। ਪਟਿਆਲਾ ’ਚ ਰਾਜਵਿੰਦਰ ਕੌਰ ਵੀ ਅਜਿਹੇ ਨਾਅਰੇ ਲਿਖਣ ’ਚ ਡਟੀ ਹੋਈ ਹੈ। ਬੁਢਲਾਡਾ ਦੇ ਟੈੱਟ ਪਾਸ ਸੁਖਜਿੰਦਰ ਸਿੰਘ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ, ਉਹ ਆਪਣੀ ਚਾਰ ਵਰ੍ਹਿਆਂ ਦੀ ਬੱਚੀ ਨੂੰ ਘਰ ਛੱਡ ਕੇ ਪਿੰਡ ਪਿੰਡ ਜਾਂਦਾ ਹੈ ਤੇ ਸੱਥਾਂ ਅਤੇ ਖੇਤਾਂ ਵਿਚ ਨਾਅਰੇ ਲਿਖਦਾ ਹੈ।
ਅੰਮ੍ਰਿਤਸਰ-ਦਿੱਲੀ, ਬਠਿੰਡਾ-ਚੰਡੀਗੜ੍ਹ, ਬਠਿੰਡਾ-ਡੱਬਵਾਲੀ, ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਦੂਰੋਂ ਇਹ ਨਾਅਰੇ ਨਜ਼ਰੀਂ ਪੈਂਦੇ ਹਨ। ਨੌਜਵਾਨ ਰਣਦੀਪ ਸੰਗਤਪੁਰਾ ਆਖਦਾ ਹੈ ਕਿ ਲਾਲ ਰੰਗ ਇਕ ਸੁਨੇਹਾ ਹੈ ਤਾਂ ਜੋ ਸਰਕਾਰ ਤੂਫਾਨ ਤੋਂ ਪਹਿਲਾਂ ਵੱਡੀ ਹੁੰਮਸ ਦਾ ਅਨੁਮਾਨ ਲਾ ਸਕੇ। ਤਰਨ ਤਾਰਨ ਦੀ ਕੰਵਲਪ੍ਰੀਤ ਕੌਰ ਆਖਦੀ ਹੈ ਕਿ ਪਹਿਲਾਂ ਉਨ੍ਹਾਂ ਨੇ ਸੰਘਰਸ਼ਾਂ ’ਚ ਨਾਅਰੇ ਲਾਏ ਤਾਂ ਜੋ ਸਰਕਾਰ ਜਾਗ ਪਏ ਅਤੇ ਹੁਣ ਨਾਅਰੇ ਲਿਖ ਰਹੇ ਹਾਂ ਤਾਂ ਜੋ ਸਰਕਾਰ ਪੜ੍ਹ ਸਕੇ। ਦੂਜੇ ਪਾਸੇ ਮੁੱਖ ਮੰਤਰੀ ਆਖਦੇ ਹਨ ਕਿ ਉਹ ਲੱਖਾਂ ਰੁਜ਼ਗਾਰ ਵੰਡ ਚੁੱਕੇ ਹਨ।
ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਸੂਬਾਈ ਆਗੂ ਸੰਦੀਪ ਗਿੱਲ ਅਤੇ ਪਰਮਿੰਦਰ ਬਦੇਸ਼ਾ ਨੇ ਕਿਹਾ ਕਿ ਸਮਾਜਿਕ ਸਿੱਖਿਆ ਦੀਆਂ 54, ਪੰਜਾਬੀ ਦੀਆਂ 62 ਅਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਕੱਢੀਆਂ ਗਈਆਂ ਹਨ, ਜਦਕਿ ਇਨ੍ਹਾਂ ਵਿਸ਼ਿਆਂ ਦੇ ਕਰੀਬ 30-35 ਹਜ਼ਾਰ ਉਮੀਦਵਾਰ ਟੈੱਟ ਪਾਸ ਹਨ। ਸਰਕਾਰ ਅਸਾਮੀਆਂ ਵਿਚ ਵਾਧਾ ਕਰੇ ਅਤੇ ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ। ਆਗੂਆਂ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਵਿਚ ਹਰ ਨਾਅਰਾ ਸਰਕਾਰ ਦਾ ਰਾਹ ਘੇਰੇਗਾ।