ਡਾ. ਪਿਆਰੇ ਲਾਲ ਗਰਗ
ਮਾਸਕ ਪਹਿਨਣ ਬਾਬਤ ਸਰਕਾਰ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਲੋਕਾਂ ਵਿੱਚ ਲੋੜ ਅਨੁਸਾਰ ਜਾਗਰੂਕਤਾ ਨਹੀਂ ਫੈਲਾਈ। ਦਰਅਸਲ ਜਦੋਂ ਅਸੀਂ ਮਾਸਕ ਪਾਉਂਦੇ ਹਾਂ ਤਾਂ ਸਾਡੇ ਨੱਕ ਮੂੰਹ ਦਾ ਮਵਾਦ ਮਾਸਕ ਦੇ ਅੰਦਰਲੇ ਪਾਸੇ ਲੱਗਦਾ ਹੈ। ਅਸੀਂ ਮਾਸਕ ਦੇ ਅੰਦਰ ਖਹਿ ਕੇ ਆਈ ਹਵਾ ਵਿੱਚ ਸਾਹ ਲੈਂਦੇ ਹਾਂ। ਮਾਸਕ ਦੇ ਬਾਹਰ ਮਿੱਟੀ-ਘੱਟਾ, ਕੀਟਾਣੂ, ਵਾਇਰਸ ਆਦਿ ਹਵਾ ’ਚੋਂ ਲੱਗ ਸਕਦੇ ਹਨ, ਪਰ ਉਹ ਅੰਦਰ ਨਹੀਂ ਜਾ ਸਕਦੇ।
ਇਸ ਲਈ ਜ਼ਰੂਰੀ ਹੈ ਕਿ ਅਸੀਂ ਮਾਸਕ ਨੂੰ ਅੰਦਰੋਂ ਜਾਂ ਬਾਹਰੋਂ ਨਾ ਛੂਹੀਏ। ਅੰਦਰਲਾ ਮਵਾਦ ਬਾਹਰ ਲਿਆ ਕੇ ਅਸੀਂ ਵਾਇਰਸ ਫੈਲਾਉਣ ਦਾ ਕਾਰਨ ਬਣ ਸਕਦੇ ਹਾਂ। ਇਸੇ ਤਰ੍ਹਾਂ ਬਾਹਰ ਹੱਥ ਲਗਾ ਕੇ ਮਾਸਕ ਦੇ ਬਾਹਰ ਲੱਗਿਆ ਵਾਇਰਸ ਯੁਕਤ ਮਵਾਦ ਅਸੀਂ ਅੰਦਰ ਲਿਜਾ ਸਕਦੇ ਹਾਂ ।
ਇਸ ਲਈ ਮਾਸਕ ਨੂੰ ਥੱਲੇ ਵਾਲੀ ਕੰਨੀ ਤੋਂ ਫੜ ਕੇ ਥੱਲੇ ਖਿੱਚਣਾ ਚਾਹੀਦਾ ਹੈ ਅਤੇ ਇਸੇ ਕੰਨੀ ਤੋਂ ਫੜ ਕੇ ਮੁੜ ਉਪਰ ਚੜ੍ਹਾਉਣਾ ਚਾਹੀਦਾ ਹੈ। ਇਸ ਲਈ ਥੋੜੇ ਜਿਹੇ ਅਭਿਆਸ ਦੀ ਲੋੜ ਹੈ।
ਮਾਸਕ ਨੂੰ ਦਿਨ ਵਿੱਚ ਇੱਕ ਜਾਂ ਦੋ ਵਾਰ ਚੰਗੀ ਤਰ੍ਹਾਂ ਸਾਬਣ ਲਾ ਕੇ, ਦੋ ਕੁ ਮਿੰਟ ਝੱਗ ਬਣਾਈ ਰੱਖ ਕੇ, ਖੁੱਲ੍ਹੇ ਪਾਣੀ ਨਾਲ ਧੋਣਾ ਚਾਹੀਦਾ ਹੈ। ਮਾਸਕ ਨੂੰ ਲਾਹੁਣ ਜਾਂ ਪਹਿਨਣ ਵੇਲੇ ਸਿਰਫ ਤਨੀਆਂ ਹੀ ਫੜਨੀਆਂ ਚਾਹੀਦੀਆਂ ਹਨ।
ਸੰਪਰਕ: 99145-05009
ਸੀਟੀ (ਸਾਈਕਲ ਥਰੈੱਸ਼ਹੋਲਡ) ਦੀ ਮਹੱਤਤਾ
ਇਹ ਵੀ ਕਿਹਾ ਜਾ ਰਿਹਾ ਹੈ ਕਿ ਆਰ.ਟੀ -ਪੀ.ਸੀ.ਆਰ ਟੈਸਟ ਵਿੱਚ ਸੀ.ਟੀ ਸੂਚਕ ਨਹੀਂ ਦੱਸਿਆ ਜਾਂਦਾ, ਜਿਸ ਕਰਕੇ ਬਿਮਾਰੀ ਦਾ ਫੈਲਾਅ ਰੋਕਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਦਰਅਸਲ ਸਾਈਕਲ ਥਰੈੱਸ਼ਹੋਲਡ (ਸੀ.ਟੀ) ਉਹ ਸੂਚਕ ਹੈ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਵਿੱਚ ਵਾਇਰਸ ਦੀ ਕਿੰਨੀ ਕੁ ਸੰਖਿਆ ਹੈ। ਇਸ ਬਾਬਤ ਹਾਲੇ ਮੁੱਢਲੇ ਤਜਰਬੇ ਹੀ ਚੱਲ ਰਹੇ ਹਨ ਪਰ ਬਿਨਾਂ ਵਿਗਿਆਨ ਜਗਤ ਵਿੱਚ ਸਟੀਕ ਪ੍ਰਵਾਨਤਾ ਅਤੇ ਵਿਗਿਆਨੀਆਂ ਦੀ ਟੀਮ ਵੱਲੋਂ ਉਸ ਦੀ ਜਾਂਚ ਪੜਤਾਲ ਜਾਂ ਟਿੱਪਣੀ ਕੀਤੇ ਜਾਣ ਤੋਂ ਪਹਿਲਾਂ ਹੀ ਅਸੀਂ ਅਧੂਰੀ ਸੂਚਨਾ ਨੂੰ ਕਾਹਲ ਨਾਲ ਨਿੱਜੀ ਮੁਫਾਦਾਂ ਤਹਿਤ ਲੋਕਾਂ ਨੂੰ ਅੱਗੇ ਭੇਜਣਾ ਸ਼ੁਰੂ ਕਰ ਦਿੰਦੇ ਹਾਂ। ਇਹ ਵਿਗਿਆਨ ਅਤੇ ਵਿਗਿਆਨ ਦੇ ਲੋਕਾਂ ਨੂੰ ਮਿਲਣ ਵਾਲੇ ਲਾਭਾਂ ਦੋਹਾਂ ਵਾਸਤੇ ਵੀ ਖ਼ਤਰਨਾਕ ਰੁਝਾਨ ਹੈ। ਜ਼ਿਆਦਾ ਵਿਰੂਲੈਂਟ ਜਾਂ ਵਾਰ ਵਾਰ ਭੇਸ ਬਦਲਣ ਵਾਲਾ ਰੋਗ ਜਨਕ ਘੱਟ ਗਿਣਤੀ ਵਿੱਚ ਵੀ ਜ਼ਿਆਦਾ ਘਾਤਕ ਹੁੰਦਾ ਹੈ। ਸੀਟੀ (ਸਾਈਕਲ ਥਰੈੱਸ਼ਹੋਲਡ) ਤਾਂ ਸਿਰਫ ਗਿਣਤੀ ਦੱਸਦਾ ਹੈ। ਸਗੋਂ ਘੱਟ ਵਿਰੂਲੈਂਸ ਵਾਲਾ ਇਮਿਊਨਿਟੀ ਪੈਦਾ ਕਰਨ ਦਾ ਕੰਮ ਕਰੇਗਾ, ਜਿਵੇਂ ਟੀਕੇ ਕਰਦੇ ਹਨ। ਇਹੀ ਕਾਰਨ ਹੈ ਕਿ ਐਂਟੀਬਾਡੀ ਰੈਪਿਡ ਟੈਸਟਾਂ ਵਿੱਚ 25 ਫੀਸਦੀ ਲੋਕਾਂ ਨੂੰ ਪਹਿਲਾਂ ਹੀ ਲੱਛਣ ਰਹਿਤ ਜਾਂ ਮਾਮੂਲੀ ਲੱਛਣਾਂ ਵਾਲਾ ਕਰੋਨਾ ਹੋ ਚੁੱਕਿਆ ਹੋਣਾ ਪਾਇਆ ਗਿਆ ਹੈ।