ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਜਨਵਰੀ
ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਪਿਛਲੀਆਂ ਚੋਣਾਂ ਦੌਰਾਨ ਲੋਕਾਂ ਨਾਲ ਕਈ ਵਾਅਦੇ ਕਰਨ ਵਾਲੀ ਕਾਂਗਰਸ ਸਰਕਾਰ ਹੁਣ ਤਕ ਵਾਅਦੇ ਪੂਰੇ ਨਹੀਂ ਕਰ ਸਕੀ, ਇਸ ਵਾਰ ਉਹ ਕਿਸ ਮੂੰਹ ਨਾਲ ਲੋਕਾਂ ਕੋਲੋਂ ਵੋਟਾਂ ਮੰਗੇਗੀ। ਸ੍ਰੀ ਕੇਜਰੀਵਾਲ ਅੱਜ ਸ਼ਾਮ ਇੱਥੇ ਪੁੱਜੇ ਤੇ ਤਿੰਨ ਦਿਨ ਪੰਜਾਬ ਦੌਰੇ ’ਤੇ ਰਹਿਣਗੇ।
ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਵਿਚੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਚੋਣ ਲੜ ਰਹੇ ਹਨ, ਬਾਰੇ ਸ੍ਰੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਥੇ ਸਿਆਸੀ ਹਾਥੀਆਂ ਦੇ ਭੇੜ ਵਿਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੇਗੀ। ਇਸ ਹਲਕੇ ਤੋਂ ‘ਆਪ’ ਵਲੋਂ ਜ਼ਿਲ੍ਹਾ ਪ੍ਰਧਾਨ ਜੀਵਨਜੋਤ ਕੌਰ ਮੈਦਾਨ ਵਿਚ ਹੈ। ਰਾਹੁਲ ਗਾਂਧੀ ਦੇ ਦੌਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਿਛਲੀਆਂ ਚੋਣਾਂ ਵੇਲੇ ਵੀ ਪੰਜਾਬ ਵਿਚ ਆਏ ਸਨ ਤੇ ਲੋਕਾਂ ਨਾਲ ਵਾਅਦੇ ਕੀਤੇ ਸਨ, ਜੋ ਪੂਰੇ ਨਹੀਂ ਹੋਏ। ਹੁਣ ਉਹ ਕਿਸ ਹੱਕ ਨਾਲ ਲੋਕਾਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਇਹ ਪ੍ਰਚਾਰ ਮੁਹਿੰਮ ਦੇਰ ਨਾਲ ਵਿੱਢੀ ਹੈ ਜਦੋਂਕਿ ਚੁਣਾਵੀ ਮਾਹੌਲ ਪਹਿਲਾਂ ਹੀ ਸਿਖਰ ’ਤੇ ਪੁੱਜ ਚੁੱਕਾ ਹੈ।
ਉਨ੍ਹਾਂ ਕਿਹਾ ਕਿ 2017 ਵਿਚ ਕਾਂਗਰਸ ਨੇ ਬੇਅਦਬੀ ਘਟਨਾਵਾਂ ਦਾ ਨਿਆਂ ਦੇਣ, ਨਸ਼ੇ ਖਤਮ ਕਰਨ, ਨੌਜਵਾਨਾਂ ਨੂੰ ਮੋਬਾਈਲ ਫੋਨ ਦੇਣ, ਬੁਢਾਪਾ ਪੈਨਸ਼ਨ ਵਿਚ ਵਾਧਾ ਕਰਨ ਸਮੇਤ ਕਈ ਅਜਿਹੇ ਵਾਅਦੇ ਕੀਤੇ ਸਨ, ਜੋ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੂਰੇ ਨਹੀਂ ਹੋਏ।
ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਉਸ ਦੇ ਹਲਕੇ ਵਿਚ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਅਤੇ ਉਹ ਲੋਕਾਂ ਨੂੰ ਖੁਦ ਵੀ ਨਹੀਂ ਮਿਲਦਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਇਸ ਵੇਲੇ ਨਸ਼ਿਆਂ ਦੇ ਕਾਰੋਬਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਯਤਨ ਕਰ ਰਿਹਾ ਹੈ।
ਸਾਧਾਰਨ ਪਰਿਵਾਰਾਂ ਤੋਂ ਹਨ ‘ਆਪ’ ਉਮੀਦਵਾਰ: ਭਗਵੰਤ ਮਾਨ
ਮੁਹਾਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਕਾਂਗਰਸ ਅਤੇ ਅਕਾਲੀ ਦਲ ਦੇ ਦਿੱਗਜ਼ ਆਗੂਆਂ ਨੂੰ ਸਬਕ ਸਿਖਾਉਣ ਲਈ ‘ਆਪ’ ਉਮੀਦਵਾਰਾਂ ਨੂੰ ਵੱਡੇ ਅੰਤਰ ਨਾਲ ਜਿਤਾਉਣਗੇ। ਪਾਰਟੀ ਦੇ ਮੁੱਖ ਦਫ਼ਤਰ ਵਿੱਚ ਸ੍ਰੀ ਮਾਨ ਨੇ ਕਿਹਾ ਕਿ ਇਸ ਵਾਰ ਵੀ ਕਾਂਗਰਸ ਨੇ ਪੰਜਾਬ ਵਿੱਚ ਆਪਣੇ ਆਗੂਆਂ ਦੇ ਧੀਆਂ, ਪੁੱਤਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਹਨ। ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਬਿਕਰਮ ਮਜੀਠੀਆ ਦੇ ਚੋਣ ਲੜਨ ਬਾਰੇ ਮਾਨ ਨੇ ਕਿਹਾ ਕਿ ਇਸ ਵਾਰ ਅੰਮ੍ਰਿਤਸਰ ਦੇ ਲੋਕਾਂ ਕੋਲ ਦੋਵੇਂ ਬੜਬੋਲੇ ਆਗੂਆਂ ਨੂੰ ਸਬਕ ਸਿਖਾਉਣ ਦਾ ਚੰਗਾ ਮੌਕਾ ਹੈ। ਅੰਮ੍ਰਿਤਸਰ ਪੂਰਬੀ ਦੇ ਲੋਕ ਇਸ ਵਾਰ ‘ਆਪ’ ਉਮੀਦਵਾਰ ਜੀਵਨਜੋਤ ਕੌਰ ਨੂੰ ਵਿਧਾਨ ਸਭਾ ਵਿਚ ਪਹੁੰਚਾ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣਗੇ।