ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 21 ਜੂਨ
ਇਥੇ ਹਲਕਾ ਸਾਹਨੇਵਾਲ ਦੇ ਪਿੰਡ ਸੇਖੋਵਾਲ ਅਤੇ ਉਸਦੇ ਆਸ-ਪਾਸ ਦੀ ਸੈਂਕੜੇ ਏਕੜ ਪੰਚਾਇਤੀ ਜ਼ਮੀਨ ਦਾ ਗਲਾਡਾ ਵੱਲੋਂ ਭਾਰੀ ਫੋਰਸ ਬਲ ਸਮੇਤ ਕਬਜ਼ਾ ਲੈ ਲਿਆ ਗਿਆ ਅਤੇ ਕਿਸਾਨਾਂ ਦੀ ਖੜ੍ਹੀ ਫਸਲ ਵਿੱਚ ਹੀ ਵਾਹ ਦਿੱਤੀ ਜਿਸ ਕਾਰਨ ਉਨ੍ਹਾਂ ’ਚ ਭਾਰੀ ਰੋਸ ਪਾਇਆ ਗਿਆ। ਅੱਜ ਕਰੀਬ 200 ਤੋਂ ਵੱਧ ਪੁਲੀਸ ਕਰਮਚਾਰੀ ਤੇ ਅਧਿਕਾਰੀ ਗਲਾਡਾ ਦੇ ਅਫ਼ਸਰਾਂ ਨਾਲ ਪੁੱਜੇ ਜਿਨ੍ਹਾਂ ਨੇ ਕਬਜ਼ੇ ਦੌਰਾਨ ਕਿਸਾਨਾਂ ਦੀ ਖੜ੍ਹੀ ਫਸਲ ਵਿੱਚ ਹੀ ਵਾਹ ਦਿੱਤੀ। ਕਿਸਾਨਾਂ ਵੱਲੋਂ ਬੇਸ਼ੱਕ ਇਸ ਦਾ ਵਿਰੋਧ ਕੀਤਾ ਗਿਆ ਪਰ ਭਾਰੀ ਫੋਰਸ ਬਲ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੇਵ ਸਿੰਘ ਨੇ ਉਹ 1947 ਤੋਂ ਇਸ ਜ਼ਮੀਨ ’ਤੇ ਕਾਬਜ਼ਕਾਰ ਹਨ ਜਿਨ੍ਹਾਂ ਕਈ ਕੇਸ ਲੜਨ ਤੋਂ ਬਾਅਦ ਇਸ ਉੱਪਰ ਵਹਾਈ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਤੋਂ ਹੀ ਉਹ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਧੋਖੇ ਨਾਲ ਉਨ੍ਹਾਂ ਤੋਂ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਵਾ ਕੇ ਜ਼ਮੀਨ ਨੂੰ ਵੇਚ ਦਿੱਤਾ ਗਿਆ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਲਾਡਾ ਤੋਂ ਉਨ੍ਹਾਂ ਦੀ ਜ਼ਮੀਨ ਛੁਡਵਾਈ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ। ਦੂਜੇ ਪਾਸੇ ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਨੇ ਪਿੰਡ ਵਾਲਿਆਂ ਦੀ ਸਹਿਮਤੀ ਨਾਲ ਇਹ ਜ਼ਮੀਨ ਇੰਡਸਟਰੀਅਲ ਹੱਬ ਲਈ ਸਰਕਾਰ ਨੂੰ ਵੇਚ ਦਿੱਤੀ ਸੀ ਤਾਂ ਜੋ ਇਸ ਦਾ ਪੈਸੇ ਪਿੰਡ ਦੇ ਵਿਕਾਸ ਲਈ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗ੍ਰੀਨ ਟ੍ਰਿਬਿਊਨਲ ਵਲੋਂ ਪ੍ਰਦੂਸ਼ਣ ਦੇ ਮੱਦੇਨਜ਼ਰ ਇੱਥੇ ਇੰਡਸਟਰੀ ਲਗਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਗਲਾਡਾ ਨੇ ਇਹ ਜ਼ਮੀਨ ਸਰਕਾਰ ਤੋਂ ਖ਼ਰੀਦ ਲਈ ਹੈ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਤਹਿਤ ਕਬਜ਼ਾ ਲਿਆ: ਐੱਸਡੀਓ
ਪਿੰਡ ਸੇਖੋਵਾਲ ਵਿਖੇ ਜ਼ਮੀਨ ’ਤੇ ਕਬਜ਼ਾ ਲੈਣ ਆਏ ਗਲਾਡਾ ਦੇ ਐੱਸ.ਡੀ.ਓ. ਪਰਮਿੰਦਰ ਸਿੰਘ ਨੇ ਕਿਹਾ ਕਿ ਇਹ ਵਿਭਾਗ ਦੀ ਜਮੀਨ ਹੈ ਅਤੇ ਉਹ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਤਹਿਤ ਇਸ ਦਾ ਕਬਜ਼ਾ ਲੈਣ ਆਏ ਹਨ। ਉਨ੍ਹਾਂ ਕਿਹਾ ਕਿ ਜਮੀਨ ਦੀਆਂ ਗਿਰਦਾਵਰੀਆਂ ਤੇ ਇੰਤਕਾਲ ਵਿਭਾਗ ਦੇ ਨਾਮ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵਲੋਂ ਅਦਾਲਤ ’ਚ ਜੋ ਕੇਸ ਲਗਾਇਆ ਗਿਆ ਸੀ ਉਸਦੀ ਸੁਣਵਾਈ ਇੱਕ ਵਾਰ ਹੋਈ ਹੈ ਜਿਸ ਉੱਪਰ ਕੋਈ ਸਟੇਅ ਨਹੀਂ ਲਗਾਇਆ ਗਿਆ।