ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਨਵੰਬਰ
ਪੰਜਾਬ ਵਿੱਚ ਮਹੀਨਾ ਭਰ ਚੱਲੀ ਡਿਪਟੀ ਕਮਿਸ਼ਨਰ ਦਫਤਰੀ ਕਾਮਿਆਂ ਦੀ ਹੜਤਾਲ ਕਾਰਨ ਸੈਂਕੜੇ ਡਰਾਈਵਿੰਗ ਲਾਇਸੈਂਸ ਮਿਆਦ ਖਤਮ ਹੋਣ ਕਰਕੇ ਰੱਦ ਹੋ ਗਏ ਹਨ ਜਿਸ ਕਰਕੇ ਲਾਇਸੈਂਸ ਧਾਰਕਾਂ ਨੂੰ ਪ੍ਰੇਸ਼ਾਨੀ ਅਤੇ ਆਰਥਿਕ ਨੁਕਸਾਨ ਸਹਿਣਾ ਪੈ ਰਿਹਾ ਹੈ। ਪਿੰਡ ਝਬੇਲਵਾਲੀ ਦੇ ਪੰਕਜ ਜੋਸ਼ੀ ਦੇ ਲਰਨਿੰਗ ਲਾਇਸੈਂਸ ਦੀ ਮਿਆਦ 8 ਅਕਤੂਬਰ ਤੱਕ ਸੀ। ਉਸ ਨੇ ਪੱਕਾ ਲਾਇਸੈਂਸ ਬਣਾਉਣ ਲਈ 16 ਅਕਤੂਬਰ ਨੂੰ ਫੀਸ ਭਰ ਦਿੱਤੀ ਪਰ ਕਲਰਕਾਂ ਦੀ ਹੜਤਾਲ ਕਰਕੇ ਉਹ ਡਰਾਈਵਿੰਗ ਟੈਸਟ ਨਹੀਂ ਦੇ ਸਕਿਆ। 7 ਨਵੰਬਰ ਨੂੰ ਹੜਤਾਲ ਖਤਮ ਹੋਈ ਤਾਂ ਉਸ ਦੇ ਲਰਨਿੰਗ ਲਾਇਸੈਂਸ ਦੀ ਮਿਆਦ ਖਤਮ ਹੋਣ ਕਰਕੇ ਉਹ ਰੱਦ ਹੋ ਗਿਆ ਅਤੇ ਫੀਸ ਵੀ ਬੇਕਾਰ ਹੋ ਗਈ। ਇਹੀ ਹਾਲ ਪਰਕੀਤ ਦਾ ਹੈ। ਉਸ ਦੀ ਫੀਸ ਅਤੇ ਲਰਨਿੰਗ ਲਾਇਸੈਂਸ ਰੱਦ ਹੋ ਗਏ ਹਨ। ਰਿਜਨਲ ਟਰਾਂਸਪੋਰਟ ਦਫਤਰ ਵਾਲਿਆਂ ਨੇ ਦੱਸਿਆ ਕਿ ਆਨਲਾਈਨ ਸਿਸਟਮ ਅਨੁਸਾਰ ਜਦੋਂ ਲਰਨਿੰਗ ਲਾਇਸੈਂਸ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਫਾਈਲ ਜਮ੍ਹਾਂ ਨਹੀਂ ਹੁੰਦੀ।