ਚੰਡੀਗੜ੍ਹ: ਸੀਨੀਅਰ ਆਈਏਐੱਸ ਅਧਿਕਾਰੀ ਹੁਸਨ ਲਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਲਾਲ 1995 ਬੈਚ ਦੇ ਆਈਏਐੱਸ ਅਧਿਕਾਰੀ ਹਨ ਤੇ ਇਸ ਤੋਂ ਪਹਿਲਾਂ ਉਨ੍ਹਾਂ ਕੋਲ ਇਨਵੈਸਟਮੈਂਟ ਪ੍ਰਮੋੋਸ਼ਨ, ਇੰਡਸਟਰੀਜ਼ ਤੇ ਕਮਰਸ ਅਤੇ ਸੂਚਨਾ ਤਕਨਾਲੋਜੀ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਦਾ ਚਾਰਜ ਸੀ। ਉਹ ਆਈਏਐੱਸ ਅਧਿਕਾਰੀ ਤੇਜਵੀਰ ਸਿੰਘ ਦੀ ਥਾਂ ਲੈਣਗੇ, ਜੋ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਕੱਤਰ ਸਨ। ਇਸ ਦੌਰਾਨ ਇਕ ਹੋਰ ਆਈਏਐੱਸ ਅਧਿਕਾਰੀ ਰਾਹੁਲ ਤਿਵਾੜੀ ਨੂੰ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਤਿਵਾੜੀ, ਜੋ 2000 ਬੈਚ ਦੇ ਅਧਿਕਾਰੀ ਹਨ, ਗੁਰਕੀਰਤ ਕ੍ਰਿਪਾਲ ਸਿੰਘ ਦੀ ਥਾਂ ਲੈਣਗੇ। ਤਿਵਾੜੀ ਕੋਲ ਪਹਿਲਾਂ ਖੁਰਾਕ ਤੇ ਸਿਵਲ ਸਪਲਾਈਜ਼, ਐਂਪਲਾਇਮੈਂਟ ਜੈਨਰੇਸ਼ਨ ਤੇ ਟਰੇਨਿੰਗ ’ਚ ਸਕੱਤਰ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਮਿਸ਼ਨ ਡਾਇਰੈਕਟਰ, ਐਂਟੀ ਡਰੱਗ ਕੰਪੇਨ ਦੇ ਨੋਡਲ ਅਧਿਕਾਰੀ ਤੇ ਗ੍ਰਹਿ ਮਾਮਲਿਆਂ ਵਿਭਾਗ ’ਚ ਸਕੱਤਰ ਦਾ ਚਾਰਜ ਸੀ।
ਅਧਿਕਾਰਤ ਸੂਤਰਾਂ ਨੇ ਕਿਹਾ ਕਿ ਤੇਜਵੀਰ ਤੇ ਗੁਰਕੀਰਤ ਦੀਆਂ ਨਵੀਆਂ ਪੋਸਟਿੰਗਾਂ ਬਾਰੇ ਹੁਕਮ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਸੂਤਰਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਹੁਣ ਪ੍ਰਸ਼ਾਸਨ ਤੇ ਪੁਲੀਸ ਵਿਭਾਗ ਵਿੱਚ ਫੇਰਬਦਲ ਦੀ ਤਿਆਰੀ ਹੈ। -ਪੀਟੀਆਈ