ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 16 ਅਗਸਤ
ਚੰਡੀਗੜ੍ਹ ਦੇ ਉਪਰਲੇ ਪਾਸੇ ਵਗਦੀ ਪਟਿਆਲਾ ਕੀ ਰਾਓ ਨਦੀ ਵਿੱਚ ਆਏ ਬਰਸਾਤੀ ਪਾਣੀ ਵਿੱਚ ਪਿੰਡ ਟਾਂਡਾ ਦੇ ਇੱਕੋ ਪਰਿਵਾਰ ਦੇ ਤਿੰਨ ਜੀਅ ਰੁੜ੍ਹ ਗਏ। ਪਿੰਡ ਟਾਂਡਾ ਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਪਿੱਛੇ ਭਾਰੀ ਮੀਂਹ ਪੈਣ ਕਰ ਕੇ 14 ਅਗਸਤ ਦੀ ਸ਼ਾਮ ਨੂੰ ਨਦੀ ਵਿੱਚ ਕਾਫੀ ਜ਼ਿਆਦਾ ਪਾਣੀ ਆ ਗਿਆ ਸੀ। ਨਵਾਂ ਗਾਉਂ ਵੱਲੋਂ ਪਰਤਦੇ ਸਮੇਂ ਪਿੰਡ ਟਾਂਡਾ ਦੇ ਸੱਜਣ ਸਿੰਘ (40), ਉਸ ਦੀ ਪਤਨੀ ਸੁਨੀਤਾ ਕੌਰ (35) ਤੇ ਭਤੀਜੀ ਅੰਜੂ (20) ਨਦੀ ਪਾਰ ਕਰਨ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਘਟਨਾ ਸਥਾਨ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਝਾੜੀਆਂ ਵਿੱਚ ਫਸੀ ਅੰਜੂ ਨੂੰ ਲੋਕਾਂ ਨੇ ਬਚਾ ਲਿਆ ਹੈ। ਪੰਦਰਾਂ ਘੰਟਿਆਂ ਮਗਰੋਂ ਸੁਨੀਤਾ ਦੀ ਲਾਸ਼ ਤੀੜਾ-ਮਨਾਣਾ ਵਾਲੀ ਨਦੀ ਵਿੱਚੋਂ ਮਿਲ ਗਈ ਹੈ। ਸੱਜਣ ਸਿੰਘ ਦੀ ਅਜੇ ਭਾਲ ਕੀਤੀ ਜਾ ਰਹੀ ਹੈ। ਪਿੰਡ ਦੇ ਲੋਕਾਂ ਨੇ ਨਵਾਂ ਗਾਉਂ ਵਿੱਚ ਸੁਨੀਤਾ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਸਰਕਾਰ ਖ਼ਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ।