ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਜੂਨ
ਪਤੀ ਦੀ ਕੁੱਟਮਾਰ ਤੋਂ ਤੰਗ ਵਿਆਹੁਤਾ ਨੇ ਪੇਕੇ ਘਰ ਖੁਦਕੁਸ਼ੀ ਕਰ ਲਈ। ਆਰੀਆ ਨਗਰ ਦੀ ਰਹਿਣ ਵਾਲੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦੀ ਧੀ ਸੋਮਾ ਨੇ ਕਪੂਰਥਲਾ ਸ਼ਹਿਰ ਦੇ ਹਨੀ ਨਾਲ ਪਿਛਲੇ ਸਾਲ ਫਰਵਰੀ ਮਹੀਨੇ ਵਿਆਹ ਕਰਵਾਇਆ ਸੀ। ਵਿਆਹ ਮਗਰੋਂ ਹਨੀ ਸੋਮਾ ਨੂੰ ਅਕਸਰ ਕੁੱਟਦਾ-ਮਾਰਦਾ ਸੀ। ਉਸ ਨੇ ਦੱਸਿਆ ਕਿ ਤਿੰਨ-ਚਾਰ ਵਾਰ ਰਾਜ਼ੀਨਾਮਾ ਕਰਵਾ ਉਨ੍ਹਾਂ ਸੋਮਾ ਨੂੰ ਵੀ ਸਮਝਾ ਕੇ ਵਾਪਸ ਸਹੁਰੇ ਘਰ ਭੇਜ ਦਿੱਤਾ ਸੀ। ਇਸ ਮਗਰੋਂ ਉਸ ਦੀ ਧੀ 12 ਜੂਨ ਨੂੰ ਪੇਕੇ ਆਈ ਤਾਂ ਉਸ ਦੇ ਸਰੀਰ ’ਤੇ ਸੱਟਾਂ ਲੱਗੀਆਂ ਹੋਈਆਂ ਸਨ। ਅੱਜ ਸੋਮਾ ਨੇ ਉਸ ਨੂੰ ਬਹਾਨੇ ਨਾਲ ਘਰੋਂ ਭੇਜ ਕੇ ਪਿੱਛੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਮਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ 12 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਸ ਦੇ ਪੰਜ ਬੱਚੇ ਹਨ। ਪੁਲੀਸ ਨੇ ਪਤੀ ਤੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।