ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਜੁਲਾਈ
ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੀ ਮੀਟਿੰਗ ’ਚ ਦੋ ਮੈਂਬਰਾਂ ਦੀ ਮੈਂਬਰਸ਼ਿਪ ਖ਼ਤਮ ਕਰਨ ਲਈ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਗੁਰਤੇਜ ਸਿੰਘ ਦੀ ਆਤਮਿਕ ਸ਼ਾਂਤੀ ਲਈ ਮੌਨ ਰੱਖ ਕੇ ਅਰਦਾਸ ਕੀਤੀ ਗਈ।
ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਈ ਨੇ ਦੱਸਿਆ ਕਿ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਹੀਦ ਗੁਰਤੇਜ ਸਿੰਘ ਦੀ ਨਮਿਤ ਅਰਦਾਸ ਕੀਤੀ ਅਤੇ ਉਸ ਦੇ ਪਰਿਵਾਰ ਨੂੰ ਬੋਰਡ ਵੱਲੋਂ 11 ਲੱਖ ਰੁਪਏ ਦੇਣ ਦੇ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਵਿੱਤੀ ਸਹਾਇਤਾ ਸ਼ਹੀਦ ਦੇ ਪਰਿਵਾਰ ਨੂੰ ਸੌਂਪੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੋਰਡ ਦੇ ਦੋ ਮੈਂਬਰ ਮਨਪ੍ਰੀਤ ਸਿੰਘ ਅਤੇ ਜਗਬੀਰ ਸਿੰਘ ਵੱਲੋਂ ਅਦਾਲਤ ’ਚ ਗੁਰਦੁਆਰਾ ਬੋਰਡ ਦੀ ਮਲਕੀਅਤ ਵਾਲੀ ਥਾਂ ਬਾਰੇ ਹਲਫ਼ਨਾਮਾ ਦਿੱਤਾ ਗਿਆ ਸੀ ਕਿ ਇਹ ਜ਼ਮੀਨ ਬੋਰਡ ਦੀ ਨਹੀਂ ਹੈ, ਜਿਸ ਦੀ ਮੀਟਿੰਗ ਵਿੱਚ ਨਿਖੇਧੀ ਕਰਦਿਆਂ ਇਨ੍ਹਾਂ ਮੈਂਬਰਾਂ ਖ਼ਿਲਾਫ਼ ਕਾਰਵਾਈ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਕਾਨੂੰਨ ਅਨੁਸਾਰ ਇਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਸਰਕਾਰ ਨੂੰ ਸਿਫਾਰਸ਼ ਭੇਜੀ ਹੈ ਅਤੇ ਕੁਝ ਸਾਬਕਾ ਮੈਂਬਰਾਂ ਖ਼ਿਲਾਫ਼ ਲਿਖਤੀ ਮਤਾ ਵੀ ਪਾਇਆ ਗਿਆ ਹੈ।
ਸਕੱਤਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਪ੍ਰਧਾਨ ਵੱਲੋਂ ਕੁਝ ਮਾਮਲੇ ਮੈਂਬਰਾਂ ਦੇ ਧਿਆਨ ’ਚ ਲਿਆਂਦੇ ਗਏ, ਜਿਨ੍ਹਾਂ ਵਿੱਚ ਬੋਰਡ ਨੂੰ ਬਦਨਾਮ ਕਰਨ ਦਾ ਮਾਮਲਾ ਵੀ ਸ਼ਾਮਲ ਸੀ। ਉਨ੍ਹਾਂ ਨੇ ਗੁਰਦੁਆਰਾ ਬੋਰਡ ਦੀਆਂ ਐੱਫਡੀਜ਼ ਵਿਚੋਂ 70 ਕਰੋੜ ਰੁਪਏ ਕਢਵਾਉਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ 2019-20 ’ਚ 173 ਕਰੋੜ ਰੁਪਏ ਖ਼ਾਤੇ ਵਿੱਚ ਜਮ੍ਹਾਂ ਹਨ, ਜਦਕਿ 240 ਕਰੋੜ ਰੁਪਏ ਦੀ ਕੋਈ ਰਕਮ ਜਮ੍ਹਾਂ ਹੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਦੇ ਚੱਲਦਿਆਂ ਗੁਰਦੁਆਰਾ ਬੋਰਡ ਦੀ ਆਮਦਨ ਪ੍ਰਭਾਵਿਤ ਹੋਈ ਹੈ, ਇਸ ਦੇ ਬਾਵਜੂਦ ਬੋਰਡ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਤੇ ਹੋਰ ਖਰਚੇ ਨਿਰੰਤਰ ਕੀਤੇ ਜਾ ਰਹੇ ਹਨ।
ਬੋਰਡ ਦੇ ਨਿਯਮ 1975 ਵਿੱਚ ਸੋਧ ਕਰਨ ਵਾਸਤੇ ਕਮੇਟੀ ਬਣਾਈ ਗਈ ਹੈ, ਜਿਸ ਦੇ ਕੋਆਰਡੀਨੇਟਰ ਪਰਮਜੋਤ ਸਿੰਘ ਚਾਹਲ ਨੂੰ ਬਣਾਇਆ ਗਿਆ ਹੈ। ਸਕੱਤਰ ਰਵਿੰਦਰ ਸਿੰਘ ਬੁੰਗਈ, ਸੁਪਰਡੈਂਟ ਗੁਰਵਿੰਦਰ ਸਿੰਘ ਵਧਵਾ, ਜਸਪਾਲ ਸਿੰਘ, ਹਰਜੀਤ ਸਿੰਘ, ਬੀਆਰ ਭਾਰਤੀ, ਰਵਿੰਦਰ ਸਿੰਘ ਕਪੂਰ ਨੂੰ ਇਸ ਸਬੰਧੀ ਰਿਪੋਰਟ ਤਿਆਰ ਕਰਨ ਵਾਸਤੇ ਆਖਿਆ ਗਿਆ ਹੈ। ਮੀਟਿੰਗ ’ਚ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਤਰੱਕੀਆਂ ਬਾਰੇ ਵੀ ਫ਼ੈਸਲਾ ਕੀਤਾ ਗਿਆ। ਮੀਟਿੰਗ ’ਚ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ, ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਲ ਹੋਏ।