ਚੰਡੀਗੜ੍ਹ, 12 ਦਸੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਸੱਤਾ ਵਿੱਚ ਆਉਣ ਲਈ ਕਦੇ ਵੀ ਪੰਜਾਬ ਵਾਸੀਆਂ ਨਾਲ ਝੂਠ ਨਹੀਂ ਬੋਲਣਗੇ ਤੇ ਨਾ ਹੀ ਚੋਣਾਂ ਜਿੱਤਣ ਲਈ ਖੁਦ ਨੂੰ ਸ਼ੋਅਪੀਸ ਬਣਾਉਣਗੇ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਪੰਜਾਬ ਦਾ ਭਲਾ ਹੀ ਚਾਹਿਆ ਹੈ ਤੇ ਕਿਸੇ ਵੀ ਅਹੁਦੇ ਲਈ ਕਿਸੇ ਨੂੰ ਬੇਨਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੈਂ ਜ਼ਿੰਦਗੀ ਵਿੱਚ ਕੁਝ ਨਹੀਂ ਮੰਗਿਆ ਤੇ ਨਾ ਹੀ ਮੰਗਾਂਗਾ ਤੇ ਨਾ ਹੀ ਲੋਕਾਂ ਨੂੰ ਵੋਟਾਂ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਗੱਲਾਂ ਉਸ ਸਵਾਲ ਦੇ ਜਵਾਬ ਵਿੱਚ ਕਹੀਆਂ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ 2022 ਵਿੱਚ ਕਾਂਗਰਸ ਪੰਜਾਬ ਵਿੱਚ ਚੋਣਾਂ ਜਿੱਤ ਜਾਂਦੀ ਹੈ ਤਾਂ ਕੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਉਹ ਜਨਤਕ ਚਰਚਾ ਸਮਾਗਮ ਬੋਲਦਾ ਪੰਜਾਬ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਦਿੱਤੀ ਹਰ ਡਿਊਟੀ ਨੂੰ ਨਿਭਾਉਣਗੇ ਤੇ ਪੰਜਾਬ ਦੇ ਲੋਕਾਂ ਨਾਲ ਕਦੇ ਵੀ ਧੋਖਾ ਨਹੀਂ ਕਰਨਗੇ। ਉਨ੍ਹਾਂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਉੱਤੇ ਪੂਰਾ ਭਰੋਸਾ ਜਤਾਇਆ। -ਪੀਟੀਆਈ