ਚਰਨਜੀਤ ਭੁੱਲਰ/ਸਰਬਜੀਤ ਸਿੰਘ ਭੰਗੂ
ਚੰਡੀਗੜ੍ਹ/ਪਟਿਆਲਾ, 20 ਜੂਨ
ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਕਿਸੇ ਅਹੁਦੇ ਦੀ ਭੁੱਖ ਹੈ ਅਤੇ ਨਾ ਹੀ ਉਹ ਕੋਈ ਸ਼ੋਅ-ਪੀਸ ਹਨ ਕਿ ਜਦੋਂ ਚਾਹੋ ਚੋਣ ਪ੍ਰਚਾਰ ਲਈ ਬਾਹਰ ਕੱਢੋ ਅਤੇ ਚੋਣਾਂ ਜਿੱਤਣ ਮਗਰੋਂ ਮੁੜ ਅਲਮਾਰੀ ’ਚ ਰੱਖ ਦਿਓ। ਕਾਂਗਰਸ ਹਾਈਕਮਾਨ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਅੱਜ ਨਵਜੋਤ ਸਿੱਧੂ ਨੇ ਬਿਨਾਂ ਕੋਈ ਨਾਮ ਲਏ ਪੰਜਾਬ ’ਚ ਚੱਲ ਰਹੇ ਦੋਸਤਾਨਾ ਮੈਚ ਵੱਲ ਵੀ ਇਸ਼ਾਰਾ ਕੀਤਾ। ਨਵਜੋਤ ਸਿੱਧੂ ਨੇ ਅੱਜ ਮੁੱਖ ਮੰਤਰੀ ਅੱਗੇ ਪੰਜਾਬ ਲਈ 13 ਨੁਕਾਤੀ ਏਜੰਡਾ ਰੱਖਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਏਜੰਡੇ ’ਤੇ ਕੰਮ ਕਰਦੇ ਹਨ ਤਾਂ ਉਹ ਪਿੱਛੇ ਲੱਗਣ ਨੂੰ ਤਿਆਰ ਹਨ। ਸਿੱਧੂ ਨੇ ਕਾਂਗਰਸ ਸਰਕਾਰ ਦੇ ਸਾਢੇ ਚਾਰ ਵਰ੍ਹਿਆਂ ਦੇ ਕਾਰਜਕਾਲ ਦੀ ਕਾਰਗੁਜ਼ਾਰੀ ’ਤੇ ਸੁਆਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਸਿਰਫ਼ ਮੁੱਦਿਆਂ ਦੀ ਲੜਾਈ ਹੈ ਜਿਸ ਤੋਂ ਧਿਆਨ ਭਟਕਾਉਣ ਲਈ ਸਿਸਟਮ ਸ਼ਗੂਫ਼ੇ ਛੱਡਦਾ ਹੈ। ਸਿੱਧੂ ਨੇ ਕਿਹਾ ਕਿ ਸਿਸਟਮ ਲੋਕਾਂ ਦੇ ਭਲੇ ਲਈ ਕੰਮ ਕਰੇ, ਉਨ੍ਹਾਂ ਨੂੰ ਕੋਈ ਅਹੁਦਾ ਨਹੀਂ ਚਾਹੀਦਾ।
ਸਿੱਧੂ ਨੇ ਕਿਹਾ ਕਿ ਉਨ੍ਹਾਂ ਪਹਿਲੇ ਦਿਨ ਤੋਂ ਪੰਜਾਬ ਦੇ ਵਿਕਾਸ ਅਤੇ ਖ਼ਜ਼ਾਨੇ ਦੀ ਬਿਹਤਰੀ ਲਈ ਸਮੇਂ ਸਮੇਂ ’ਤੇ ਤਜਵੀਜ਼ਾਂ ਪੇਸ਼ ਕੀਤੀਆਂ ਪਰ ਸਭ ਠੁਕਰਾ ਦਿੱਤੀਆਂ ਗਈਆਂ। ਉਹ ਚਾਹੁੰਦੇ ਹਨ ਕਿ ਪੰਜਾਬ ਦੀ ਤਕਦੀਰ ਬਦਲੇ, ਅਸਲ ਤਾਕਤ ਲੋਕਾਂ ਹੱਥ ਆਵੇ। ਉਹ ਅਖੀਰ ਤੱਕ ਲੜਾਈ ਲੜਨਗੇ ਅਤੇ ਉਮੀਦ ਹੈ ਕਿ ਗੁਰੂਆਂ ਦੀ ਧਰਤੀ ਨੂੰ ਭਾਗ ਲੱਗਣਗੇ। ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਨੂੰ ਕਿਸੇ ਗੁਜਰਾਤ ਜਾਂ ਦਿੱਲੀ ਮਾਡਲ ਦੀ ਲੋੜ ਨਹੀਂ। ਉਸ ਕੋਲ ‘ਪੰਜਾਬ ਮਾਡਲ’ ਹੈ ਜਿਸ ਦਾ ਅਧਾਰ ਗੁਰੂਆਂ ਦੀ ਵਿਚਾਰਧਾਰਾ ਹੈ। ਨਵਜੋਤ ਸਿੱਧੂ ਨੇ ਇਹ ਵੀ ਸੁਆਲ ਚੁੱਕਿਆ ਕਿ ਸਿਸਟਮ ਕੌਣ ਹੁੰਦਾ ਹੈ, ਉਨ੍ਹਾਂ ਲਈ ਦਰਵਾਜ਼ੇ ਬੰਦ ਕਰਨ ਵਾਲਾ। ਉਨ੍ਹਾਂ ਨੂੰ ਕਿਸੇ ਉੱਪ ਮੁੱਖ ਮੰਤਰੀ ਜਾਂ ਕਾਂਗਰਸ ਦੀ ਪ੍ਰਧਾਨਗੀ ਦੀ ਲੋੜ ਨਹੀਂ ਹੈ। ਸਿਸਟਮ 13 ਨੁਕਾਤੀ ਏਜੰਡੇ ਨੂੰ ਲਾਗੂ ਕਰੇ, ਉਹ ਪਿੱਠ ’ਤੇ ਖੜ੍ਹਨਗੇ। ਸਿੱਧੂ ਨੇ ਉਂਗਲ ਚੁੱਕੀ ਕਿ ਬੇਅਦਬੀ ਮਾਮਲਾ ਸਾਢੇ ਚਾਰ ਦਿਨਾਂ ’ਚ ਮਸਲਾ ਹੋਣ ਵਾਲਾ ਸੀ, ਸਾਢੇ ਚਾਰ ਸਾਲ ਕਿਉਂ ਲਗਾ ਦਿੱਤੇ। ਨਸ਼ਿਆਂ ਦੀ ਤਸਕਰੀ ਵਾਲੇ ਕਿਉਂ ਨਹੀਂ ਫੜੇ। ਉਨ੍ਹਾਂ ਕਿਹਾ ਕਿ ਸੂਬੇ ਦੀ ਸਿਆਸਤ ’ਤੇ ਦੋ ਪਰਿਵਾਰਾਂ ਦਾ ਕੰਟਰੋਲ ਹੋਣ ਕਰਕੇ ਸਰਕਾਰੀ ਖ਼ਜ਼ਾਨਾ ਨਿੱਜੀ ਜੇਬਾਂ ਵਿਚ ਚਲਾ ਜਾਂਦਾ ਹੈ। ਉਨ੍ਹਾਂ 13 ਨੁਕਾਤੀ ਏਜੰਡੇ ਦੀ ਗੱਲ ਕਰਦਿਆਂ ਕਿਹਾ ਕਿ ਤਿਲੰਗਾਨਾ ਤਰਜ਼ ਵਾਲੀ ਮਾਈਨਿੰਗ ਪਾਲਿਸੀ ਦਾ ਏਜੰਡਾ ਦਿੱਤਾ, ਕਿਉਂ ਨਹੀਂ ਲਾਗੂ ਕੀਤਾ। ਤਾਮਿਲ ਨਾਡੂ ਤਰਜ਼ ਵਾਲੀ ਆਬਕਾਰੀ ਪਾਲਿਸੀ ਪੇਸ਼ ਕੀਤੀ, ਠੁਕਰਾ ਦਿੱਤੀ ਗਈ। ਬਗੈਰ ਪਰਮਿਟ ਚੱਲਦੀਆਂ ਬੱਸਾਂ ਦਾ ਮਾਮਲਾ ਰੱਖਿਆ, ਕਿਉਂ ਨਹੀਂ ਸੁਣਵਾਈ ਕੀਤੀ। ਕਿਸਾਨ ਭਲੇ ਲਈ ਏਜੰਡਾ ਰੱਖਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਕਰਜ਼ੇ ਦੀ ਪੰਡ ਲਗਾਤਾਰ ਵਧ ਰਹੀ ਹੈ। ਲੋਕ ਟੈਕਸ ਦਿੰਦੇ ਹਨ ਪ੍ਰੰਤੂ ਉਨ੍ਹਾਂ ਲਈ ਵਿਕਾਸ ਫਿਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਬਿਜਲੀ ਸਮਝੌਤਿਆਂ ’ਤੇ ਅੱਜ ਤੱਕ ਵਾਈਟ ਪੇਪਰ ਕਿਉਂ ਨਹੀਂ ਆਇਆ। ਸਸਤੀ ਬਿਜਲੀ ਦੇਣ ਦਾ ਵਾਅਦਾ ਕਰਕੇ ਮਹਿੰਗੀ ਬਿਜਲੀ ਕਿਉਂ ਅੱਜ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਵਪਾਰ ਕਰ ਲਓ ਜਾਂ ਫਿਰ ਲੋਕਾਂ ਦਾ ਭਲਾ ਕਰ ਲਓ।’ ਉਨ੍ਹਾਂ ਇਹ ਵੀ ਕਿਹਾ ਕਿ ਇਹ ਹਾਈ ਕਮਾਨ ਨੇ ਤੈਅ ਕਰਨਾ ਹੈ ਕਿ ਅੱਜ ਸਰਕਾਰ ਸਾਢੇ ਚਾਰ ਸਾਲ ਮਗਰੋਂ ਕਿਉਂ ਜਾਗੀ ਹੈ, ਕੁੰਭਕਰਨ ਵੀ ਛੇ ਮਹੀਨੇ ਪਿੱਛੋਂ ਜਾਗ ਪੈਂਦਾ ਸੀ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਹਾਈਕਮਾਨ ਵੱਲੋਂ ਨੇੜ ਭਵਿੱਖ ’ਚ ਉਨ੍ਹਾਂ ਨਾਲ ਕੋਈ ਮੀਟਿੰਗ ਮੁਕੱਰਰ ਨਾ ਕੀਤੇ ਜਾਣ ਦੀ ਗੱਲ ਵੀ ਆਖੀ। ਉਨ੍ਹਾਂ ਰੇਤ ਤੇ ਸ਼ਰਾਬ ਮਾਫੀਆ ’ਤੇ ਨੱਥ ਪਾਉਣ ਸਮੇਤ ਬਰਗਾੜੀ ਦਾ ਮਸਲਾ ਹੱਲ ਕਰਨ ਨੂੰ ਵੀ ਵੱਡੀ ਲੋੜ ਦੱਸਿਆ। ਸਿੱਧੂ ਨੇ ਇਹ ਵੀ ਕਿਹਾ ਕਿ ਉਸ ਨੂੰ ਸਿਸਟਮ ’ਚ ਅੜਿੱਕਾ ਸਮਝਦਿਆਂ, ਪੰਜਾਬ ਤੋਂ ਕੱਢ ਕੇ ਦਿੱਲੀ ਭੇਜਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ। ਉਸ ਨੇ 2017 ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਵੱਲੋਂ ਉਸ ਨਾਲ ਦਰਜਨਾਂ ਹੀ ਮੀਟਿੰਗਾਂ ਕਰਨ ਦਾ ਖੁਲਾਸਾ ਵੀ ਕੀਤਾ।
ਨੌਕਰੀਆਂ ਦੀ ਵੰਡ ਕੁਰਸੀ ਖਾਤਰ
ਨਵਜੋਤ ਸਿੱਧੂ ਨੇ ਬਿਨਾਂ ਨਾਮ ਲਏ ਕਿਹਾ ਕਿ ਕੁਰਸੀ ਬਚਾਉਣ ਲਈ ਬਿਨਾਂ ਮੈਰਿਟ ਤੋਂ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਕੀ ਸਿਸਟਮ ਲੋਕਾਂ ਨੂੰ ਬੇਵਕੂਫ਼ ਸਮਝਦਾ ਹੈ। ਲੋੜਵੰਦਾਂ ਨੂੰ ਦੇਣ ਦੀ ਥਾਂ ਤਾਕਤਾਂ ਅਮੀਰਾਂ ਦੇ ਹੱਥ ਦਿੱਤੀਆਂ ਜਾ ਰਹੀਆਂ ਹਨ।