ਰਾਮ ਗੋਪਾਲ ਰਾਏਕੋਟੀ
ਰਾਏਕੋਟ, 16 ਦਸੰਬਰ
‘‘ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੈਂ ਪੰਜਾਬ ਲਈ ਦੋ ਬਲਦਾਂ ਦੀ ਜੋੜੀ ਵਾਂਗ ਹਾਂ, ਜੋ ਪੰਜਾਬ ਨੂੰ ਖੁਸ਼ਹਾਲੀ ਵੱਲ ਖਿੱਚ ਕੇ ਲੈ ਜਾਣਗੇ।’’ ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਥੇ ਅਨਾਜ ਮੰਡੀ ਵਿੱਚ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਅਗਵਾਈ ਹੇਠ ਯੂਥ ਆਗੂ ਕਾਮਿਲ ਬੋਪਾਰਾਏ ਦੇ ਹੱਕ ’ਚ ਕੀਤੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਮੁੱਖ ਮੰਤਰੀ ਚੰਨੀ ਨੂੰ ਆਪਣਾ ਛੋਟਾ ਭਰਾ ਦੱਸਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਦੀ ਮੌਜੂਦਾ ਟੀਮ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾ ਕੇ ਸੂਬੇ ਨੂੰ ਖੁਸ਼ਹਾਲ ਬਣਾਏਗੀ। ‘ਸਾਨੂੰ ਪੰਜਾਬ ਵਿੱਚ ਹੋ ਰਹੀਆਂ ਚੋਰੀਆਂ ਰੋਕ ਕੇ ਪੰਜਾਬ ਦਾ ਖਜ਼ਾਨਾ ਵੀ ਭਰਨਾ ਪਵੇਗਾ ਅਤੇ ਸੂਬੇ ਦੀ ਕਿਸਾਨੀ ਅਤੇ ਜਵਾਨੀ ਨੂੰ ਵੀ ਖੜ੍ਹਾ ਕਰਨਾ ਪਵੇਗਾ। ਲੋਕਾਂ ਨੂੰ ਪੰਜਾਬ ਮਾਡਲ ਦੀ ਝਲਕ ਦਿਖਾਉਣਾ ਚਾਹੁੰਦਾ ਹਾਂ। ਮੈਂ ਲੋਕਾਂ ਨਾਲ ਝੂਠੇ ਵਾਅਦੇ ਨਹੀਂ ਕਰਦਾ।’ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਆਪਣੀ ਜਿਣਸ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਵਿੱਚ ਸਟੋਰ ਕਰਨ ਦੀ ਸਹੂਲਤ ਦੇਵੇਗੀ, ਜਿਸ ਦੀ ਕੁੱਲ ਕੀਮਤ ਦਾ 80 ਫੀਸਦੀ ਭੁਗਤਾਨ ਕਿਸਾਨਾਂ ਨੂੰ ਤੁਰੰਤ ਕੀਤਾ ਜਾਵੇਗਾ। ਬਾਅਦ ਵਿੱਚ ਕਿਸਾਨ ਆਪਣੀ ਫਸਲ ਨੂੰ ਢੁੱਕਵੇਂ ਮੁੱਲ ’ਤੇ ਜਦੋਂ ਮਰਜ਼ੀ ਵੇਚ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਿਸੇ ਵੀ ਫਸਲ ਨੂੰ ਐੱਮਐੱਸਪੀ ਤੋਂ ਘੱਟ ਭਾਅ ’ਤੇ ਨਹੀਂ ਵਿਕਣ ਦਿੱਤਾ ਜਾਵੇਗਾ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਕੋਲ ਸਿਰਫ਼ ਫੋਕੇ ਐਲਾਨਾਂ ਤੋਂ ਸਿਵਾਏ ਹੋਰ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਦੂਜੇ ਆਗੂਆਂ ਵਾਂਗ ਨਾ ਤਾਂ ਵਾਅਦੇ ਕਰਦੇ ਹਨ ਨਾ ਹੀ ਗਾਰੰਟੀਆਂ ਦਿੰਦੇ ਹਨ ਸਗੋਂ ਉਹ ਭਰੋਸਾ ਦਿੰਦੇ ਹਨ, ਜੋ ਪੱਕਾ ਹੋਵੇਗਾ। ਸ੍ਰੀ ਸਿੱਧੂ ਨੇ ਕਿ ਪੰਜਾਬ ਵਿੱਚੋਂ ਰੇਤੇ, ਸ਼ਰਾਬ ਆਦਿ ਦੀ ਚੋਰੀ ਰੋਕ ਕੇ ਕਾਰਪੋਰੇਸ਼ਨਾਂ ਬਣਾ ਕੇ ਸਾਧਨਾਂ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜੋ ਪੰਜਾਬ ਮਾਡਲ ਸਾਕਾਰ ਕੀਤਾ ਜਾ ਸਕੇ। ‘ਨਵਾਂ ਪੰਜਾਬ ਮਾਡਲ ਉਸ ਸਮੇਂ ਮੰਨਿਆ ਜਾਵੇਗਾ ਜਦੋਂ ਪੰਜਾਬ ’ਚ ਟੌਲ ਪਲਾਜ਼ੇ ਖ਼ਤਮ ਹੋਣਗੇ, ਲੋਕਾਂ ਦਾ ਮੁਫ਼ਤ ’ਚ ਇਲਾਜ ਹੋਵੇਗਾ ਅਤੇ ਸਰਕਾਰੀ ਸਕੂਲਾਂ ’ਚ ਬੱਚੇ ਉੱਚ ਸਿੱਖਿਆ ਪ੍ਰਾਪਤ ਕਰ ਸਕਣਗੇ।’ ਉਨ੍ਹਾਂ ਕਿਸਾਨਾਂ ਦੀ ਬਿਹਤਰੀ ਲਈ ਪਾਕਿਸਤਾਨ ਨਾਲ ਖੁੱਲ੍ਹੇ ਵਪਾਰ ਦੀ ਵਕਾਲਤ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇ ਬਾਰਡਰ ਰਾਹੀਂ ਵਪਾਰ ਖੁੱਲ੍ਹ ਜਾਂਦਾ ਹੈ ਤਾਂ ਪੰਜਾਬ ਦੀ ਕਣਕ ਵੀ 3200 ਰੁਪਏ ਅਤੇ ਬਾਸਮਤੀ 7200 ਰੁਪਏ ਦੇ ਭਾਅ ਜਾਵੇਗੀ। ਰੈਲੀ ਦੌਰਾਨ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਕੁਲਜੀਤ ਸਿੰਘ ਨਾਗਰਾ, ਵਿਧਾਇਕ ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਜੀਪੀ, ਜ਼ਿਲ੍ਹਾ ਪ੍ਰਧਾਨ ਸੋਨੀ ਗਾਲਬਿ, ਮੇਜਰ ਸਿੰਘ ਭੈਣੀ, ਜ਼ਿਲ੍ਹਾ ਮਹਿਲਾ ਪ੍ਰਧਾਨ ਗੁਰਦੀਪ ਕੌਰ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਕਾਂਗਰਸੀ ਵਰਕਰ ਵੀ ਹਾਜ਼ਰ ਸਨ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਇੱਥੇ ਨਵੀਂ ਅਨਾਜ ਮੰਡੀ ਵਿੱਚ ਪੱਲੇਦਾਰ ਮਜ਼ਦੂਰ ਯੂਨੀਅਨ ਦੀ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਆਕਸੀਜਨ ਉੱਤੇ ਪਿਆ ਹੈ। ਪੰਜਾਬ ਖੋਖਲਾ ਹੁੰਦਾ ਜਾ ਰਿਹਾ ਹੈ ਅਤੇ ਜਵਾਨੀ ਬਰਬਾਦ ਹੁੰਦੀ ਜਾ ਰਹੀ ਹੈ। ਉਨ੍ਹਾਂ ਮਜ਼ਦੂਰਾਂ ਨੂੰ ਸੂਬੇ ਵਿੱਚ ਠੇਕੇਦਾਰੀ ਸਿਸਟਮ ਬੰਦ ਕਰਨ ਤੇ ਸਿੱਧੀ ਅਦਾਇਗੀ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਉਨ੍ਹਾਂ ਵਾਰ-ਵਾਰ ਕਿਸਾਨਾਂ-ਮਜ਼ਦੂਰਾਂ ਦੀ ਗੱਲ ਕੀਤੀ। ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨੇ ਕਿਹਾ ਕਿ ਸੂਬੇ ਨੂੰ ਬਚਾਉਣ ਲਈ ਹਰ ਪੰਜਾਬੀ ਨੂੰ ਸਿਆਸਤ ਦਾ ਹਿੱਸਾ ਬਣਨਾ ਪਵੇਗਾ। ਉਨ੍ਹਾਂ ਕਿਹਾ ਕਿ ਸੂਬੇ ’ਚੋਂ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਮਜ਼ਦੂਰਾਂ ਨੂੰ ਬੈਂਕ ਖਾਤੇ ਰਾਹੀਂ ਸਿੱਧੀ ਅਦਾਇਗੀ ਹੋਵੇਗੀ, ਇਸ ਲਈ ਹਰ ਮਜ਼ਦੂਰ ਦੀ ਰਜਿਸਟਰੇਸ਼ਨ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਕੋਈ ਵੀ ਸਮਝੌਤਾ ਕਰੇ ਪਰ ਮਜ਼ਦੂਰ ਨੂੰ 350 ਰੁਪਏ ਤੋਂ ਘੱਟ ਉਜਰਤ ਨਹੀਂ ਮਿਲੇਗੀ। ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ, ਵਿਧਾਇਕ ਦਰਸ਼ਨ ਸਿੰਘ ਬਰਾੜ, ਨਵੇਂ ਬਣੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਮਲਜੀਤ ਸਿੰਘ ਬਰਾੜ, ਜ਼ਿਲ੍ਹਾ ਇੰਟਕ ਪ੍ਰਧਾਨ ਐਡਵੋਕੇਟ ਵਿਜੇ ਧੀਰ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
ਸਿੱਧੂ ਨੇ ‘ਪੰਜਾਬ ਮਾਡਲ’ ਦਾ ਕਿਸਾਨੀ ਨੁਕਤਾ ਸਾਂਝਾ ਕੀਤਾ
ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਆਪਣੇ ‘ਪੰਜਾਬ ਮਾਡਲ’ ਦਾ ਕਿਸਾਨੀ ਨੁਕਤਾ ਸਾਂਝਾ ਕੀਤਾ ਹੈ। ਸਿੱਧੂ ਨੇ ਟਵੀਟ ਕਰਕੇ ਕਿਸਾਨਾਂ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਜ਼ਰੀਏ ਹੀ ਰਾਜ ਦੀ ਆਰਥਿਕਤਾ ਨੂੰ ਪੈਰਾਂ ਸਿਰ ਕੀਤਾ ਜਾ ਸਕਦਾ ਹੈ। ਕੇਂਦਰ ਨੂੰ ਐੱਮਐੱਸਪੀ ਦੇਣ ’ਤੇ ਕਾਨੂੰਨ ਲਾਜ਼ਮੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦਾਲਾਂ ਅਤੇ ਤੇਲ ਬੀਜਾਂ ਨੂੰ ਐੱਮਐੱਸਪੀ ’ਤੇ ਖ਼ਰੀਦੇ ਜਾਣ ਦੀ ਵਕਾਲਤ ਕੀਤੀ। ਨਵਜੋਤ ਸਿੱਧੂ ਨੇ ਕਿਹਾ ਕਿ ‘ਪੰਜਾਬ ਮਾਡਲ’ ਵਿੱਚ ਸਹਿਕਾਰੀ ਸਭਾਵਾਂ ਅਤੇ ਸਰਕਾਰੀ ਨਿਗਮਾਂ ਰਾਹੀਂ ਫ਼ਸਲਾਂ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਕੀਤੇ ਜਾਣ ਦੀ ਗੱਲ ਹੈ। ਜੇਕਰ ਫ਼ਸਲਾਂ ਦੀ ਕੀਮਤ ਐੱਮਐੱਸਪੀ ਤੋਂ ਹੇਠਾਂ ਡਿੱਗਦੀ ਹੈ ਤਾਂ ਸਰਕਾਰ ਬਾਜ਼ਾਰ ਵਿੱਚ ਦਖ਼ਲ ਦੇ ਕੇ (ਮਾਰਕੀਟਿੰਗ ਇੰਟਰਵੈਨਸ਼ਨ) ਵਿਕਰੀ ਮੁੱਲ ਅਤੇ ਐੱਮਐੱਸਪੀ ਵਿਚਲਾ ਖੱਪਾ ਭਰ ਕੇ ਕਿਸਾਨਾਂ ਨੂੰ ਬਣਦੀ ਕੀਮਤ ਅਦਾ ਕਰੇਗੀ। ਨਵਜੋਤ ਸਿੱਧੂ ਨੇ ਇਹ ਵੀ ਕਿਹਾ ਕਿ ਕਿਸਾਨ ਭੰਡਾਰਨ ਸਮਰੱਥਾ ਨਾ ਹੋਣ ਕਰਕੇ ਘਾਟਾ ਝੱਲਦੇ ਹਨ, ਜਦੋਂ ਕਿ ਵਪਾਰੀ ਖ਼ੁਸ਼ਹਾਲ ਹਨ। ਉਹ ਪੰਜਾਬ ਵੇਅਰਹਾਊਸ ਐਕਟ ਵਿੱਚ ਸੋਧਾਂ ਕਰਨਗੇ।