ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 27 ਸਤੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਵਜ਼ਾਰਤ ’ਚੋਂ ਬਾਹਰ ਹੋਏ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬੀਤੇ ਦਿਨੀਂ ਮੀਡੀਆ ਦੇ ਰੂਬਰੂ ਹੋਣ ਸਮੇਂ ਹਾਈ ਕਮਾਂਡ ਨਾਲ ਗਿਲਾ ਕਰਨ ਤੇ ਅੱਖਾਂ ਭਰ ਆਉਣ ’ਤੇ ਟਿੱਪਣੀ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸਮਾਂ ਬੜਾ ਬਲਵਾਨ ਹੈ ਅਤੇ ਕਰੀਬ ਡੇਢ ਦਹਾਕੇ ਬਾਅਦ ਕਾਂਗਰਸ ਨੇ ਇਤਿਹਾਸ ਮੁੜ ਦੁਹਰਾਇਆ ਹੈ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ 2007 ਵਿੱਚ ਜਦੋਂ ਉਨ੍ਹਾਂ ਦੀ ਟਿਕਟ ਕੱਟ ਕੇ ਬਲਬੀਰ ਸਿੱਧੂ ਨੂੰ ਦਿੱਤੀ ਗਈ ਸੀ ਤਾਂ ਸਿੱਧੂ ਸਮਰਥਕਾਂ ਨੇ ਖ਼ੁਸ਼ੀ ਮਨਾਉਂਦੇ ਹੋਏ ਭੰਗੜੇ ਪਾਏ ਅਤੇ ਲੱਡੂ ਵੰਡੇ ਸਨ। ਅੱਜ ਜਦੋਂ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕੀਤਾ ਗਿਆ ਤਾਂ ਹੁਣ ਸਿੱਧੂ ਨੂੰ ਗਿਲਾ ਨਹੀਂ ਕਰਨਾ ਚਾਹੀਦਾ ਹੈ, ਸਗੋਂ ਹਾਈ ਕਮਾਂਡ ਦੇ ਫੈ਼ਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਦੋਂ ਉਨ੍ਹਾਂ ਨੇ ਵੀ ਹਾਈ ਕਮਾਂਡ ਨੂੰ ਇਹੀ ਸਵਾਲ ਕੀਤਾ ਸੀ ਕਿ ਉਸ ਨੂੰ ਉਸ ਦਾ ਕਸੂਰ ਤਾਂ ਦੱਸਿਆ ਜਾਵੇ ਕਿ ਇਸ ਵਜ੍ਹਾ ਕਾਰਨ ਉਸ ਦੀ ਟਿਕਟ ਕੱਟੀ ਗਈ ਹੈ, ਪਰ 14 ਸਾਲ ਬੀਤ ਗਏ ਹੁਣ ਤੱਕ ਹਾਈ ਕਮਾਂਡ ਦਾ ਜਵਾਬ ਨਹੀਂ ਆਇਆ। ਸਾਬਕਾ ਸਿਹਤ ਮੰਤਰੀ ਨੇ ਬੀਤੇ ਕੱਲ੍ਹ ਦਾਅਵਾ ਕੀਤਾ ਸੀ ਕਿ ਜੇ ਕੋਵਿਡ ਵੈਕਸੀਨ, ਮਹਾਮਾਰੀ ਦੀ ਸਿਖਰ ਸਮੇਂ ਪ੍ਰਾਈਵੇਟ ਹਸਪਤਾਲਾਂ ਨੂੰ ਵੱਡੀ ਪੱਧਰ ’ਤੇ ਵੇਚ ਕੇ ਸਰਕਾਰੀ ਵੈਕਸੀਨ ਦਾ ਨਾਜਾਇਜ਼ ਵਪਾਰ ਹੋਇਆ ਹੈ ਤੇ ‘ਫਤਿਹ-ਕਿੱਟਾਂ’ ਵਿੱਚ ਧਾਂਦਲੀ ਹੋਈ ਹੈ, ਇਸ ਲਈ ਉਹ ਨਹੀਂ ਬਲਕਿ ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਤੇ ਡਾ. ਕੇਕੇ ਤਲਵਾਰ ਜ਼ਿੰਮੇਵਾਰ ਹਨ। ਬੀਰਦਵਿੰਦਰ ਨੇ ਕਿਹਾ ਕਿ ਜੇਕਰ ਸਿੱਧੂ ਦਾ ਇਹ ਬਿਆਨ ਸਹੀ ਹੈ ਤਾਂ ਉਹ ਆਪਣਾ ਤਸਦੀਕਸ਼ੁਦਾ ਹਲਫ਼ੀਆ ਬਿਆਨ ਉਨ੍ਹਾਂ (ਬੀਰਦਵਿੰਦਰ) ਦੇ ਹਵਾਲੇ ਕਰਨ ਤਾਂ ਜੋ ਮੁੱਖ ਮੰਤਰੀ ਤੋਂ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਸਕੇ।
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਡਾਇਰੈਕਟਰ ਵੱਲੋਂ ਅਸਤੀਫ਼ਾ
ਪੰਜਾਬ ਦੇ ਸਿਹਤ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ ਦੇ ਪੰਜਾਬ ਕੈਬਨਿਟ ਤੋਂ ਬਾਹਰ ਹੋਣ ਮਗਰੋਂ ਅੱਜ ਇੱਥੋਂ ਦੇ ਫੇਜ਼-6 ਸਥਿਤ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀਐੱਚਐੱਸਸੀ) ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਕੈਪਟਨ ਅਤੇ ਸਿੱਧੂ ਦੇ ਚਹੇਤੇ ਅਫ਼ਸਰਾਂ ਵਿੱਚ ਗਿਣੇ ਜਾਂਦੇ ਸੀ। ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਨੂੰ ਅਹਿਮ ਅਹੁਦੇ ’ਤੇ ਨਿਵਾਜਿਆ ਗਿਆ ਸੀ। ਮਨਜੀਤ ਸਿੰਘ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਭੇਜੇ ਅਸਤੀਫ਼ੇ ਵਿੱਚ ਕਿਹਾ ਹੈ ਕਿ ਉਹ ਨਿੱਜੀ ਕਾਰਨਾਂ ਕਰਕੇ ਆਪਣਾ ਤਿਆਗ ਪੱਤਰ ਦੇ ਰਹੇ ਹਨ।