ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 18 ਜਨਵਰੀ
ਕਾਂਗਰਸ ਹਾਈਕਮਾਨ ਵੱਲੋਂ ਆਦਮਪੁਰ ਵਿਧਾਨ ਸਭਾ ਤੋਂ ਟਿਕਟ ਨਾ ਦੇਣ ਤੋਂ ਨਾਰਾਜ਼ ਆਦਮਪੁਰ ਦੇ ਕਾਂਗਰਸੀ ਹਲਕਾ ਇੰਚਾਰਜ ਮਹਿੰਦਰ ਸਿੰਘ ਕੇਪੀ ਨੇ ਆਦਮਪੁਰ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਕਾਂਗਰਸ ਹਾਈਕਮਾਨ ਨੂੰ ਆਦਮਪੁਰ ਵਿਧਾਨ ਸਭਾ ਦੀ ਟਿਕਟ ਲਈ ਮੁੜ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਕਾਂਗਰਸ ਨਾਲ ਜੁੜਿਆ ਹੈ ਅਤੇ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਕੇਪੀ ਨੇ ਵੀ ਪਾਰਟੀ ਲਈ ਆਪਣੀ ਸ਼ਹਾਦਤ ਦਿੱਤੀ ਸੀ।
ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਉਹ ਆਦਮਪੁਰ ਹਲਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਆਦਮਪੁਰ ਹਲਕੇ ’ਚ ਉਨ੍ਹਾਂ ਨੇ ਕਈ ਵਿਕਾਸ ਦੇ ਕੰਮ ਕਰਵਾਏ ਹਨ। ਉਨ੍ਹਾਂ ਹਾਈਕਮਾਨ ਨੂੰ ਕਿਹਾ ਕਿ ਜੇ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਅਗਲੀ ਰਣਨੀਤੀ ਉਲੀਕਣ ਲਈ ਆਪਣੇ ਵਰਕਰਾਂ ਨਾਲ ਸਲਾਹ ਕਰਨਗੇ। ਕੇਪੀ ਨੇ ਕਿਹਾ ਕਿ ਉਹ ਇਹ ਚੋਣ ਜ਼ਰੂਰ ਲੜਨਗੇ ਅਤੇ ਆਦਮਪੁਰ ਤੋਂ ਹੀ ਲੜਨਗੇ, ਭਾਵੇਂ ਕਾਂਗਰਸ ਉਨ੍ਹਾਂ ਨੂੰ ਟਿਕਟ ਦੇਵੇ ਜਾਂ ਨਾ ਦੇਵੇ।
ਕਿਸੇ ਹੋਰ ਪਾਰਟੀ ਵੱਲੋਂ ਚੋਣ ਲੜਨ ਬਾਰੇ ਪੁੱਛਣ ’ਤੇ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਪਾਰਟੀਆਂ ਨੇ ਸੰਪਰਕ ਕੀਤਾ ਹੈ ਪਰ ਹਾਈਕਮਾਨ ਨੇ ਉਨ੍ਹਾਂ ਤੋਂ ਇੱਕ ਦਿਨ ਦਾ ਸਮਾਂ ਮੰਗਿਆ ਹੈ, ਇਸ ਲਈ ਉਹ ਅਗਲੇ ਇੱਕ-ਦੋ ਦਿਨ ਤੱਕ ਆਪਣੀ ਅਗਲੀ ਰਣਨੀਤੀ ਬਾਰੇ ਖੁਲਾਸਾ ਕਰਨਗੇ।