ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਸਤੰਬਰ
ਇੱਥੇ ਅੱਜ ਇੱਕ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਸਾਲ 2022 ਦੀ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਹੀ ਚੋਣ ਲੜਨਗੇ ਅਤੇ ਯਕੀਨੀ ਤੌਰ ’ਤੇ 2017 ਵਾਲਾ ਪ੍ਰਦਰਸ਼ਨ ਦੁਹਰਾਉਣਗੇ। ਚੋਣਾਂ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਖ਼ਬਰ ’ਤੇ ਟਿੱਪਣੀ ਕਰਦਿਆਂ ਢੀਂਡਸਾ ਨੇ ਕਿਹਾ ਕਿ ਕੁਝ ਲੋਕਾਂ ਨੂੰ ਭੁਲੇਖਾ ਹੈ ਕਿ ਉਹ ਉਨ੍ਹਾਂ ਦੇ ਚੋਣ ਨਾ ਲੜਨ ਦੀਆਂ ਅਫ਼ਵਾਹਾਂ ਫੈਲਾ ਕੇ ਸ਼ਾਇਦ ਕੋਈ ਸਿਆਸੀ ਲਾਹਾ ਖੱਟ ਲੈਣਗੇ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਮਾਣ-ਸਤਿਕਾਰ ਲਈ ਹਮੇਸ਼ਾ ਰਿਣੀ ਰਹੇਗਾ, ਜਿਸ ਕਰਕੇ ਬਾਹਰਲੇ ਕਿਸੇ ਹੋਰ ਹਲਕੇ ਤੋਂ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।