ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 19 ਜੁਲਾਈ
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਜੇਕਰ ਸਮੇਂ ’ਤੇ ਹੜ੍ਹਾਂ ਨਾਲ ਨਜਿੱਠਣ ਲਈ ਯੋਗ ਪ੍ਰਬੰਧ ਕਰਦੀ ਤਾਂ ਸੂਬੇ ਵਿੱਚ ਹਾਲਾਤ ਇੰਨੇ ਮਾੜੇ ਨਾ ਹੁੰਦੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਸਮੇਂ ’ਤੇ ਇਸ ਸਬੰਧੀ ਰੀਵਿਊ ਮੀਟਿੰਗ ਤੱਕ ਨਹੀਂ ਕੀਤੀ। ਉਹ ਅੱਜ ਭਾਜਪਾ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਗੁਰਦਾਸਪੁਰ ਵਿੱਚ ਪਹੁੰਚੇ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਸਰਕਾਰ ਦੀ ਵਰ੍ਹੇਗੰਢ ਮਨਾਉਣ ਵਿੱਚ ਰੁਝ ਗਏ ਅਤੇ ਫਿਰ ਦੂਜੇ ਰਾਜਾਂ ਵਿੱਚ ਚੋਣ ਪ੍ਰਚਾਰ ਵਿੱਚ ਜੁਟ ਗਏ। ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਪੱਧਰ ’ਤੇ ਕਾਂਗਰਸ ਅਤੇ ਆਮ ਆਦਮੀ ਦੇ ਸਮਝੌਤੇ ਮਗਰੋਂ ਹੁਣ ‘ਆਪ’ ਸਰਕਾਰੀ ਪਾਰਟੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਹਿੱਤਾਂ ਲਈ ਡਟ ਕੇ ਖੜ੍ਹੀ ਹੈ।