ਪੱਤਰ ਪ੍ਰੇਰਕ
ਲੰਬੀ, 18 ਨਵੰਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦਸਮੇਸ਼ ਅਦਾਰਾ, ਬਾਦਲ ਦੇਸ਼ ਵਿੱਚ ਅਜਿਹਾ ਪਹਿਲਾ ਪੇਂਡੂ ਸਿੱਖਿਆ ਸੰਸਥਾਨ ਹੈ, ਜਿੱਥੋਂ ਦੀਆਂ ਦੋ ਵਿਦਿਆਰਥਣਾਂ ਮੁੱਕੇਬਾਜ਼ ਸਿਮਰਨਜੀਤ ਕੌਰ ਬਾਠ ਅਤੇ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਨੂੰ ਪ੍ਰਮੁੱਖ ਖੇਡ ਪੁਰਸਕਾਰ ‘ਅਰਜਨ ਐਵਾਰਡ’ ਦਾ ਮਾਣ ਮਿਲਿਆ ਹੈ। ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਜੇ ਸਿਮਰਨਜੀਤ ਕੌਰ ਦੀਆਂ ਖੇਡ ਪ੍ਰਾਪਤੀਆਂ ਨੇ ਕੌਮਾਂਤਰੀ ਸਿਖ਼ਰ ਅਕਾਲੀ ਸਰਕਾਰ ਸਮੇਂ ਛੂਹਿਆ ਹੁੰਦਾ ਤਾਂ ਉਨ੍ਹਾਂ ਤੁਰੰਤ ਉਸ ਨੂੰ ਡੀਐਸਪੀ ਲਗਾ ਦੇਣਾ ਸੀ। ਓਲੰਪੀਅਨ ਅਵਨੀਤ ਕੌਰ ਸਿੱਧੂ ਨੂੰ ਵੀ ਉਨ੍ਹਾਂ ਨੇ ਹੀ ਡੀਐਸਪੀ ਲਗਾਇਆ ਸੀ। ਸ੍ਰੀ ਬਾਦਲ ਅੱਜ ਦਸਮੇਸ਼ ਵਿੱਦਿਅਕ ਅਦਾਰੇ ’ਚ ਅਰਜਨ ਐਵਾਰਡ ਮਿਲਣ ’ਤੇ ਸਿਮਰਨਜੀਤ ਕੌਰ ਦੀ ਪ੍ਰਾਪਤੀ ’ਤੇ ਕਰਵਾਏ ਵਿਸ਼ੇਸ਼ ਸਨਮਾਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਪਿੰਡ ਚਕਰ ਨਾਲ ਸਬੰਧਤ ਸਿਮਰਨਜੀਤ ਕੌਰ ਦਸਮੇਸ਼ ਗਰਲਜ਼ ਕਾਲਜ ਵਿਚ ਐਮ.ਏ-1 ਦੀ ਵਿਦਿਆਰਥਣ ਹੈ। ਉਸ ਨੂੰ ਬੀਤੀ 13 ਨਵੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਰਜਨ ਐਵਾਰਡ ਨਾਲ ਨਿਵਾਜਿਆ ਸੀ।
ਇਸ ਮੌਕੇ ਦਸਮੇਸ਼ ਇੰਸਟੀਟਿਊਟ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰੀ ਬਾਦਲ ਨੇ ਕਾਲਜ ਵੱਲੋਂ ਸਿਮਰਨਜੀਤ ਕੌਰ ਨੂੰ ਇੱਕ ਲੱਖ ਰੁਪਏ ਦਾ ਚੈੱਕ, ਦੁਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਤ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਿਊਟੀ ਇੰਸਪੈਕਟਰ ਹਰਭਗਵਾਨ ਸਿੰਘ ਨੇ ਸਿਮਰਨਜੀਤ ਕੌਰ ਨੂੰ ਢਾਈ ਲੱਖ ਰੁਪਏ ਦਾ ਚੈੱਕ ਸੌਂਪਿਆ।
ਸਿਮਰਨਜੀਤ ਨੂੰ ਰੁਜ਼ਗਾਰ ਵਾਲਾ ਮਾਣ ਨਾ ਮਿਲਣ ’ਤੇ ਰੋਸ
ਲੁਧਿਆਣਾ ਜ਼ਿਲ੍ਹੇ ਦੇ ਚਕਰ ਪਿੰਡ ਦੇ ਸਾਧਾਰਨ ਪਰਿਵਾਰ ਦੇ ਤਿੰਨ ਬੱਚਿਆਂ ਨੇ ਮੁੱਕੇਬਾਜ਼ੀ ਵਿਚ ਮਾਅਰਕੇ ਮਾਰੇ ਹਨ ਪਰ ਇਨ੍ਹਾਂ ਬੱਚਿਆਂ ਵਿਚੋਂ ਅਰਜਨ ਐਵਾਰਡ ਹਾਸਲ ਕਰਨੀ ਵਾਲੀ ਸਿਮਰਨਜੀਤ ਕੌਰ ਬਾਠ ਉਰਫ਼ ‘ਸਿੰਮੀ’ ਨੂੰ ਸਰਕਾਰ ਵੱਲੋਂ ਰੁਜ਼ਗਾਰ ਵਾਲਾ ਸਨਮਾਨ ਨਹੀਂ ਮਿਲ ਸਕਿਆ। ਉਸ ਦੀ ਵੱਡੀ ਭੈਣ ਮੁੱਕੇਬਾਜ਼ ਸੋਨੀਆ ਬੀਐਸਐਫ਼ ’ਚ ਨੌਕਰੀ ਕਰਦੀ ਹੈ ਅਤੇ ਉਸ ਦਾ ਨੈਸ਼ਨਲ ਪੱਧਰ ਦਾ ਮੁੱਕੇਬਾਜ਼ ਭਰਾ ਕਮਲਪ੍ਰੀਤ ਸਿੰਘ ਵੀ ਦਿੱਲੀ ਵਿਚ ਪੈਰਾ ਮਿਲਟਰੀ ਫੋਰਸ ’ਚ ਤਾਇਨਾਤ ਹੈ। ਸਿਮਰਨਜੀਤ ਨੇ ਕਿਹਾ ਕਿ ਵਰਲਡ ਚੈਂਪੀਅਨਸ਼ਿਪ 2018 ’ਚ ਤਗਮਾ ਆਉਣ ’ਤੇ ਉਸ ਨੇ ਪੰਜਾਬ ਸਰਕਾਰ ਨੂੰ ਨੌਕਰੀ ਲਈ ਅਪੀਲ ਕੀਤੀ ਤਾਂ ਸਰਕਾਰ ਨੇ ਅਜਿਹੀ ਕੋਈ ਨੀਤੀ ਨਾ ਹੋਣ ਦਾ ਇਤਰਾਜ਼ ਲਗਾ ਕੇ ਉਸ ਦੀ ਕਾਬਲੀਅਤ ’ਤੇ ਸੁਆਲੀਆ ਨਿਸ਼ਾਨ ਲਗਾ ਦਿੱਤਾ। ਦੱਸਣਯੋਗ ਹੈ ਕਿ ਉਸ ਨੇ 2018 ’ਚ ਵਰਲਡ ਚੈਂਪੀਅਨਸ਼ਿਪ ਦਿੱਲੀ ’ਚ ਕਾਂਸੀ ਤਗਮਾ ਜਿੱਤਿਆ ਸੀ। 2019 ਵਿੱਚ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਬੈਂਕਾਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। 2021 ’ਚ ਉਸਨੇ ਬਾਕਸਿੰਗ ਇੰਟਰਨੈਸ਼ਨਲ ਟੂਰਨਾਮੈਂਟ ਸਪੇਨ ’ਚ ਚਾਂਦੀ ਤਗਮਾ ਜਿੱਤਿਆ।