ਬਲਵਿੰਦਰ ਰੈਤ
ਨੂਰਪੁਰ ਬੇਦੀ, 4 ਨਵੰਬਰ
ਡੀ-ਸਿਲਟਿੰਗ ਸਾਈਟ ਨੂੰ ਜਾਂਦਾ ਰਾਹ ਪੁੱਟਣ ਅਤੇ ਥਾਣਾ ਨੂਰਪੁਰ ਬੇਦੀ ਅਧੀਨ ਆਉਂਦੀ ਕਲਵਾਂ ਮੌੜ ਪੁਲੀਸ ਚੌਕੀ ਦੀ ਪੁਲੀਸ ਨੇ ਮਾਈਨਿੰਗ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਪੰਜ ਸਟੋਨ ਕਰੱਸ਼ਰ ਮਾਲਕਾਂ ਖ਼ਿਲਾਫ਼ ਸਰਕਾਰੀ ਕੰਮਾਂ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਥਾਣਾ ਨੂਰਪੁਰ ਬੇਦੀ ਵਿੱਚ ਜੂਨੀਅਰ ਇੰਜਨੀਅਰ-ਕਮ-ਮਾਈਨਿੰਗ ਇੰਸਪੈਕਟਰ (ਜਲ ਨਿਕਾਸ-ਕਮ-ਮਾਈਨਿੰਗ ਉਪ ਮੰਡਲ ਨੂਰਪੁਰ ਬੇਦੀ) ਨੇ ਦੱਸਿਆ ਕਿ ਪਿੰਡ ਭਲਾਣ ਵਿੱਚ ਡੀ-ਸਿਲਟਿੰਗ ਦਾ ਕੰਮ ਚੱਲ ਰਿਹਾ ਸੀ। ਨੂਰਪੁਰ ਬੇਦੀ ਖੇਤਰ ਦੇ ਪਿੰਡ ਪਲਾਟਾ, ਸਪਾਲਮਾਂ ਅਤੇ ਹਰੀਪੁਰ ਵਿੱਚ ਚੱਲ ਰਹੇ ਸਟੋਨ ਕਰੱਸ਼ਰ ਦੇ ਮਾਲਕਾਂ ਵੱਲੋਂ ਆਪਣੇ ਕਰੱਸ਼ਰਾਂ ਨਾਲ ਲੱਗਦੇ ਰਾਸਤੇ ਜੋ ਡੀ-ਸਿਲਟਿੰਗ ਸਾਈਟ ਭਲਾਣ ਨੂੰ ਜਾਂਦਾ ਹੈ, ਪੁੱਟ ਦਿੱਤਾ ਗਿਆ ਹੈ। ਉਕਤ ਰਸਤਾ ਖਰਾਬ ਹੋਣ ਕਾਰਣ ਸਰਕਾਰੀ ਗੱਡੀਆਂ ਨੂੰ ਸਾਈਟ ‘ਤੇ ਪਹੁੰਚਣ ਲਈ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਕਤ 5 ਸਟੋਨ ਕਰੱਸ਼ਰਾਂ ਜਿਨ੍ਹਾਂ ਵਿੱਚ ਸ਼ਾਮਲ ਪੰਕਜ ਸਟੋਨ ਕਰੱਸ਼ਰ ਪਿੰਡ ਪਲਾਟਾ, ਪੁਰੀ ਸਟੋਨ ਕਰੱਸ਼ਰ ਪਲਾਟਾ, ਚੰਡੀਗੜ੍ਹ ਸਟੋਨ ਕਰੱਸ਼ਰ ਅਤੇ ਸਕਰੀਨਿੰਗ ਪਲਾਂਟ ਪਿੰਡ ਸਪਾਲਵਾਂ, ਚੜ੍ਹਦੀਕਲਾ ਸਟੋਨ ਕਰੱਸ਼ਰ ਪਿੰਡ ਪਲਾਟਾ ਅਤੇ ਸੱਤ ਸਾਹਿਬ ਸਟੋਨ ਕਰੱਸ਼ਰ ਪਿੰਡ ਹਰੀਪੁਰ ਦੇ ਮਾਲਕਾਂ ਖ਼ਿਲਾਫ਼ ਡੀ-ਸਿਲਟਿੰਗ ਸਾਈਟ ਨੂੰ ਆਉਣ ਜਾਣ ਵਾਲੇ ਰਾਸਤੇ ਨੂੰ ਖਰਾਬ ਕਰਕੇ ਸਰਕਾਰੀ ਕੰਮਾਂ ਵਿੱਚ ਰੁਕਾਵਟ ਪਾਉਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇੇ।