ਬਲਵਿੰਦਰ ਰੈਤ
ਨੂਰਪੁਰ ਬੇਦੀ, 24 ਅਪਰੈਲ
ਖਣਨ ਅਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ ’ਤੇ ਖੇੜਾ ਕਲਮੋਟ ਦੇ ਸਾਰੇ ਪਹਾੜੀ ਖਿੱਤੇ ਦੇ ਸਟੋਨ ਕਰੱਸ਼ਰ ਸੀਲ ਕੀਤੇ ਜਾਣ ਦੇ ਬਾਵਜੂਦ ਇੱਥੇ ਸੁਆਂ ਨਦੀ ਵਿੱਚ ਨਾਜਾਇਜ਼ ਮਾਈਨਿੰਗ ਜਾਰੀ ਹੈ। ਐਲਗਰਾਂ, ਸੁਆੜਾ, ਸੈਂਸੋਵਾਲ, ਪਲਾਟਾ, ਖੇੜਾ ਕਲਮੋਟ, ਸੈਦਪੁਰ, ਬੇਈਹਾਰਾ, ਥਾਨਾ ਤੇ ਸੁਆਂ ਨਦੀ ਕੰਢੇ ਲੱਗੇ ਹੋਰ ਦਰਜਨਾਂ ਸਟੋਨ ਕਰੱਸ਼ਰ ਬਿਨਾਂ ਰੋਕ-ਟੋਕ ਤੋਂ ਚੱਲ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਟੋਨ ਕਰੱਸ਼ਰਾਂ ’ਤੇ ਜਾ ਰਿਹਾ ਕੱਚਾ ਮਾਲ ਕਥਿਤ ਸੁਆਂ ਨਦੀ ’ਚੋਂ ਕੱਢਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਐਲਗਰਾਂ ਜ਼ੋਨ ਵਿੱਚ ਕਈ ਪੁਲੀਸ ਅਧਿਕਾਰੀਆਂ ਦੇ ਸਟੋਨ ਕਰੱਸ਼ਰ ਲੱਗੇ ਹੋਏ ਹਨ, ਜਿਨ੍ਹਾਂ ਵੱਲੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਪੀੜਤ ਪਿੰਡਾਂ ਦੇ ਲੋਕਾਂ ਨੇ ਸਰਕਾਰ ਤੋਂ ਨਾਜਾਇਜ਼ ਮਾਈਨਿੰਗ ਰੋਕਣ ਦੀ ਮੰਗ ਕੀਤੀ ਹੈ।
ਚੌਕੀ ਕਲਵਾਂ ਦੀ ਪੁਲੀਸ ਨੇ ਐਲਗਰਾਂ ਵਿੱਚ ਸੁਆਂ ਨਦੀ ਨੇੜੇ ਸਥਿਤ ਦੋ ਕਰੱਸ਼ਰਾਂ ਵਿਚਾਲੇ ਪੈਂਦੀ ਜ਼ਮੀਨ ’ਚ ਨਾਜਾਇਜ਼ ਮਾਈਨਿੰਗ ਹੋਣ ਦੀ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਜ਼ਮੀਨ ਦੇ ਨਾਮਲੂਮ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਮਾਈਨਿੰਗ ਇੰਸਪੈਕਟਰ-ਕਮ-ਜੂਨੀਅਰ ਇੰਜਨੀਅਰ ਜਲ ਨਿਕਾਸ ਉਪ ਮੰਡਲ ਨੰਗਲ ਰੋਹਿਤ ਕੁਮਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਤੋਂ ਹਾਸਲ ਹੋਈ ਵੀਡੀਓ ਅਤੇ ਤਸਵੀਰਾਂ ਅਨੁਸਾਰ ਅੱਜ ਉਨ੍ਹਾਂ ਉੱਪ ਮੰਡਲ ਅਫ਼ਸਰ ਅਤੇ ਚੌਕੀ ਕਲਵਾਂ ਦੀ ਪੁਲੀਸ ਨੂੰ ਨਾਲ ਲੈ ਕੇ ਮਾਈਨਿੰਗ ਵਾਲੀ ਜ਼ਮੀਨ ਦੀ ਪੈਮਾਇਸ਼ ਕੀਤੀ, ਜੋ ਕਰੀਬ 24,29,050ਈ ਸੀ.ਐੱਫ.ਟੀ. ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਿੱਧੀਵਿਨਾਇਕ ਕਰੱਸ਼ਰ ਅਤੇ ਭਿੰਡਰ ਸਟੋਨ ਕਰੱਸ਼ਰ ਵਿਚਾਲੇ ਪੈਂਦੀ ਜ਼ਮੀਨ ’ਚ ਗੈਰਕਾਨੂੰਨੀ ਖੁਦਾਈ ਹੋਈ ਹੈ। ਜ਼ਮੀਨ ਦੇ ਮਾਲਕਾਂ ਦੇ ਨਾਂ ਅਤੇ ਖਸਰਾ ਨੰਬਰ ਸਬੰਧੀ ਮਾਲ ਵਿਭਾਗ ਵੱਲੋਂ ਰਿਪੋਰਟ ਕੀਤੀ ਜਾਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰ ਕੇ ਛੋਟੇ ਖਣਿਜ ਪਦਾਰਥਾਂ ਰੇਤਾ ਅਤੇ ਪੱਥਰਾਂ ਦੀ ਢੋਆ-ਢੁਆਈ ਕਰਨਾ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣਾ ਇਕ ਕਾਨੂੰਨੀ ਅਪਰਾਧ ਹੈ, ਜਿਸ ਵਿਰੁੱਧ ਕਾਰਵਾਈ ਕੀਤੀ ਜਾਵੇ।
ਏਐੱਸਆਈ ਪਵਨ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਕਰਨ ਮਗਰੋਂ ਦੋਵੇਂ ਕਰੱਸ਼ਰਾਂ ਵਿਚਾਲੇ ਪੈਂਦੀ ਜ਼ਮੀਨ ਦੇ ਨਾਮਲੂਮ ਮਾਲਕਾਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਲ ਵਿਭਾਗ ਵੱਲੋਂ ਜ਼ਮੀਨ ਦੇ ਅਸਲ ਮਾਲਕਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਇੱਥੋਂ ਦੀ ਪੁਲੀਸ ਨੇ ਅੱਜ ਪਿੰਡ ਪੜੌਲ ਵਿੱਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਟਰੈਕਟਰ, ਟਰਾਲੀ, ਜੇਸੀਬੀ ਮਸ਼ੀਨ ਅਤੇ ਕਾਰ ਜ਼ਬਤ ਕੀਤੀ ਹੈ। ਵਣ ਵਿਭਾਗ ਦੇ ਸਿੱਸਵਾਂ ਰੇਂਜ ਅਫ਼ਸਰ ਰਾਜ ਦਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸ਼ਿਕਾਇਤ ’ਤੇ ਅੱਜ ਵਣ ਵਿਭਾਗ ਦੀ ਟੀਮ ਨੇ ਜਦੋਂ ਪਿੰਡ ਪੜੌਲੀ ਵਿੱਚ ਮਾਈਨਿੰਗ ਵਾਲੀ ਥਾਂ ’ਤੇ ਛਾਪਾ ਮਾਰਿਆ ਤਾਂ ਮੁਲਜ਼ਮ ਵਾਹਨ ਤੇ ਮਸ਼ੀਨਰੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ, ਜੋ ਜ਼ਬਤ ਕਰ ਲਈ ਗਈ ਹੈ।
ਨਾਜਾਇਜ਼ ਖਣਨ ਰੋਕਣ ਲਈ ਸਖ਼ਤ ਕਾਰਵਾਈ ਜਾਰੀ: ਬੈਂਸ
ਕੀਰਤਪੁਰ ਸਾਹਿਬ (ਬੀ.ਐੱਸ ਚਾਨਾ): ਖਣਨ ਅਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਕਿਹਾ ਨਾਜਾਇਜ਼ ਖਣਨ ਰੋਕਣ ਲਈ ਸਰਕਾਰ ਵਚਨਬੱਧ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਰੇਤਾ, ਬਜਰੀ ਜਾਇਜ਼ ਕੀਮਤ ’ਤੇ ਆਮ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉਹ ਆਧੁਨਿਕ ਤਕਨੀਕ ਰਾਹੀਂ ਅਜਿਹੀ ਪਾਲਿਸੀ ਤਿਆਰ ਕਰ ਰਹੇ ਹਨ, ਜਿਸ ਰਾਹੀਂ ਭ੍ਰਿਸ਼ਟਾਚਾਰ ਜੜ੍ਹ ਤੋਂ ਖ਼ਤਮ ਕਰ ਦਿੱਤਾ ਜਾਵੇਗਾ। ਉਹ ਅੱਜ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਪਤਵੰਤਿਆਂ ਨਾਲ ‘ਸਾਡਾ ਐੱਮਐੱਲਏ ਸਾਡੇ ਵਿੱਚ’ ਪ੍ਰੋਗਰਾਮ ਤਹਿਤ ਮੀਟਿੰਗਾਂ ਕਰਨ ਇੱਥੇ ਪਹੁੰਚੇ ਸਨ।