ਬਲਵਿੰਦਰ ਰੈਤ
ਨੂਰਪੁਰ ਬੇਦੀ, 19 ਮਈ
ਬਲਾਕ ਨੂਰਪੁਰ ਬੇੇਦੀ ’ਚੋ ਲੰਘਦੀ ਸੁਆਂ ਨਦੀ ’ਤੇ ਨਾਜ਼ਾਇਜ਼ ਮਾਈਨਿੰਗ ਮੁੜ ਸ਼ੁਰੂ ਹੋ ਗਈ ਹੈ। ਖਣਨ ਮਾਫੀਏ ਨੇ ਹੁਣ ਸੁਤਲਜ ਦਰਿਆਂ ’ਤੇ ਵੀ ਹੱਕ ਜਮਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮਾਈਨਿੰਗ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਹੈ ਅਤੇ ‘ਆਪ’ ਸਰਕਾਰ ਵਿਰੁੱਧ ਗਿਲਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਦਾ ਭਰੋਸਾ ਦੇਣ ਵਾਲੇ ‘ਆਪ’ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਲੋਕਾਂ ਨੇ ਸਵਾਲ ਕੀਤੇ ਹਨ ਕਿ ਨਵੀਂ ਮਾਈਨਿੰਗ ਪਾਲਿਸੀ ਕਿਥੇ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਖਣਨ ਮਾਫੀਏ ਨੇ ਤਿੰਨ ਮਹੀਨਿਆਂ ਬਾਅਦ ਮੁੜ ਨਾਜਾਇਜ਼ ਮਾਈਨਿੰਗ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਖਣਨ ਦੇ ਠੇਕੇਦਾਰ ਰਾਜੇਸ਼ ਚੌਧਰੀ ਨੇ ਸੈਂਸੋਵਾਲ ਅਤੇ ਭਲਾਣ ਖੱਡਾਂ ਦੀ ਪਹਿਲਾ ਹੀ ਬੋਲੀ ਦਿੱਤੀ ਹੋਈ ਹੈ ਤੇ ਖਣਨ ਲਈ ਦੀ ਸਰਕਾਰ ਤੋਂ ਇਜ਼ਾਜਤ ਲੈ ਲਈ ਹੈ। ਇਸੇ ਦੌਰਾਨ ਸੁਆ ਨਦੀ ਦੇ ਕੰਢਿਆਂ ’ਤੇ ਲੱਗੇ ਦਰਜਨਾਂ ਸਟੋਨ ਕਰੱਸ਼ਰ ਮੁੜ ਚਾਲੂ ਹੋ ਗਏ ਹਨ। ਐਲਗਰਾਂ, ਪਲਾਟਾ, ਖੇੜਾ ਸਮੇਤ ਹੋਰ ਥਾਵਾਂ ਤੋਂ ਨਾਜ਼ਾਇਜ ਮਾਈਨਿੰਗ ਦੀਆਂ ਖਬਰਾਂ ਮਿਲ ਰਹੀਆਂ ਹਨ। ਇਸ ਸਬੰਧ ਵਿੱਚ ਇਲਾਕਾ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ। ਕਮੇਟੀ ਦੇ ਮੈਂਬਰ ਟਿੱਕਾ, ਯਸ਼ਵੀਰ ਸਿੰਘ ਭਲਾਣ ਅਤੇ ਐਡਵੋਕੇਟ ਵਿਸ਼ਾਲ ਸੈਣੀ ਨੇ ਕਿਹਾ ਕਿ ਸੁਆਂ ਨਦੀ ਵਿੱਚ ਖਣਨ ਮਾਫੀਏ ਨੇ ਨਾਜ਼ਾਇਜ਼ ਮਾਈਨਿੰਗ ਮੁੜ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ 20 ਮਈ ਨੂੰ ਐੱਸਡੀਐੱਮ ਆਨੰਦਪੁਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਨਾਜ਼ਾਇਜ਼ ਮਾਈਨਿੰਗ ਰੋਕਣ ਦੀ ਮੰਗ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਨੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਸ਼ਿੰਕਜਾ ਕੱਸ ਦਿੱਤਾ ਹੈ ਪਰ ਫਿਰ ਵੀ ਕਈ ਥਾਈਂ ਠੋਸ ਕਾਰਵਾਈ ਕਰਨ ਦੀ ਲੋੜ ਹੈ।
ਐੱਸਡੀਓ ਵੱਲੋਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ
ਮਾਈਨਿੰਗ ਵਿਭਾਗ ਦੇ ਐੱਸਡੀਓ ਨਵਪ੍ਰੀਤ ਸਿੰਘ ਮੁਤਾਬਕ ਸਰਕਾਰ ਨੇ ਸਿਰਫ ਦੋ ਖੱਡਾਂ ਸੈਂਸੋਵਾਲ ਤੇ ਭਲਾਣ, ਜਿਨ੍ਹਾਂ ਦੀ ਪਹਿਲਾਂ ਹੀ ਬੋਲੀ ਹੋਈ ਹੈ, ਵਿੱਚ ਮਾਈਨਿੰਗ ਲਈ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਜੋ ਮਾਈਨਿੰਗ ਕੀਤੀ ਜਾਵੇਗੀ, ਉਹ ਪੁਰਾਣੀ ਪਾਲਿਸੀ ਮੁਤਾਬਕ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਾਜ਼ਾਇਜ਼ ਮਾਈਨਿੰਗ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਇਲਾਕਾ ਵਾਸੀਆਂ ਨੇ ਨਾਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈਆਂ ਹਨ। ਇਸ ਮੁੱਦੇ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਰੋਸ ਹੈ।