ਬਲਵਿੰਦਰ ਰੈਤ
ਨੂਰਪੁਰ ਬੇਦੀ, 9 ਮਈ
ਸੈਂਸੋਵਾਲ ਤੇ ਭਲਾਣ ਰਕਬੇ ਵਿੱਚ ਪੈਂਦੀ ਸੁਆਂ ਨਦੀ ਵਿੱਚ ਲੰਘੇ ਦਿਨ ਤੋਂ ਬਿਨਾਂ ਪਾਲਿਸੀ ਤੋਂ ਮੁੜ ਖਣਨ ਮਾਫ਼ੀਆ ਵੱਲੋਂ ਨਾਜਾਇਜ਼ ਮਾਈਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੁਆਂ ਨਦੀ ਵਿੱਚ ਰਿਆਲਿਟੀ ਦਾ ਠੇਕਾ ਲੈਣ ਵਾਲੇ ਠੇਕੇਦਾਰ ਵੱਲੋਂ ਵਿਭਾਗ ਵੱਲ ਜੋ 15 ਕਰੋੜ ਰੁਪਏ ਬਕਾਇਆ ਦੱਸੇ ਗਏ ਸਨ, ਉਨ੍ਹਾਂ ਵਿੱਚੋਂ 5 ਕਰੋੜ ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਨਦੀ ਵਿੱਚ ਖਣਨ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ ਹੈ।
ਮਾਈਨਿੰਗ ਵਿਭਾਗ ਦੇ ਏਰੀਏ ਦੇ ਐੱਸਡੀਓ ਨਵਦੀਪ ਸਿੰਘ ਨੇ ਕਿਹਾ ਕਿ ਸਰਕਾਰ ਦੀ ਪੁਰਾਣੀ ਪਾਲਿਸੀ ਮੁਤਾਬਕ ਸੈਂਸੋਵਾਲ ਅਤੇ ਭਲਾਣ ਸੁਆਂ ਨਦੀ ਵਿੱਚ ਮਾਈਨਿੰਗ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਪੁਰਾਣੀ ਪਾਲਿਸੀ ਮੁਤਾਬਕ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਿਆਲਿਟੀ ਠੇਕੇਦਾਰ ਰਾਕੇਸ਼ ਚੌਧਰੀ ਵੱਲੋਂ ਵਿਭਾਗ ਦੇ 15 ਕਰੋੜ ਰੁਪਏ ਦੇਣੇ ਸਨ ਤੇ ਉਨ੍ਹਾਂ ਵੱਲੋਂ 5 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਹਨ ਤੇ ਬਾਕੀ ਪੈਸੇ ਤਿੰਨ ਤਿੰਨ ਮਹੀਨੇ ਬਾਅਦ ਕਿਸ਼ਤਾਂ ਰਾਹੀ ਵਿਭਾਗ ਨੂੰ ਜਮ੍ਹਾਂ ਕਰਵਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਹਾਲੇ ਮਾਈਨਿੰਗ ਬਾਰੇ ਨਵੀਂ ਪਾਲਿਸੀ ਬਣਾ ਰਹੀ ਹੈ ਤੇ ਨਵਾਂ ਕਾਨੂੰਨ ਬਣਨ ਤੋਂ ਬਾਅਦ ਸੁਆ ਨਦੀ ਵਿੱਚ ਬਾਕੀ ਮਾਈਨਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ।
ਓਵਰਲੋਡ ਟਿੱਪਰਾਂ ਤੋਂ ਪ੍ਰੇਸ਼ਾਨ ਭੰਗਲਾ ਵਾਸੀਆਂ ਨੇ ਵਿੱਢਿਆ ਸੰਘਰਸ਼
ਪਿੰਡ ਭੰਗਲਾ ਵਾਸੀ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਅੰਦਰ ਆਉਂਦੇ ਟਿੱਪਰਾਂ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਇਸ ਮੌਕੇ ਇਲਾਕਾ ਸੰਘਰਸ਼ ਕਮੇਟੀ ਆਨੰਦਪੁਰ ਸਾਹਿਬ ਦੇ ਸਕੱਤਰ ਐਡਵੋਕੇਟ ਵਿਸ਼ਾਲ ਸੈਣੀ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦਾ ਪਹਿਲਾਂ ਹੀ ਗੈਰਕਾਨੂੰਨੀ ਮਾਈਨਿੰਗ ਕਾਰਨ ਬਹੁਤ ਬੁਰਾ ਹਾਲ ਹੋਇਆ ਪਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਓਵਰਲੋਡ ਟਿੱਪਰ ਬੰਦ ਨਾ ਹੋਏ ਤਾਂ 11 ਮਈ ਨੂੰ ਪਿੰਡ ਦੇ ਵਿੱਚ ਹੀ ਰਸਤਾ ਜਾਮ ਕੀਤਾ ਜਾਵੇਗਾ। ਇਸ ਮੌਕੇ ਮਹਿੰਦਪੁਰ ਤੋਂ ਸਰਪੰਚ ਬਲਵੀਰ ਸਿੰਘ, ਕਿਸੋਰ ਚੰਦ ਸਾਬਕਾ ਲੰਬੜਦਾਰ, ਜੋਗਿੰਦਰ ਸਿੰਘ ਤੇ ਦਿਲਾਵਰ ਸਿੰਘ ਮੌਜੂਦ ਸਨ।