ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਅਗਸਤ
ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਸਟਿਲਰੀਆਂ ਦੀ ਜਾਂਚ ਆਰੰਭ ਦਿੱਤੀ ਹੈ। ਇਸੇ ਤਹਿਤ ਅੱਜ ਖਾਸਾ ਡਿਸਟਿਲਰੀ ਦੀ ਜਾਂਚ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਨਾਜਾਇਜ਼ ਸ਼ਰਾਬ ਮਾਮਲੇ ਵਿਚ 14 ਹੋਰ ਕੇਸ ਦਰਜ ਕਰਦਿਆਂ ਛੇ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ ਨਾਜਾਇਜ਼ ਸ਼ਰਾਬ ਅਤੇ ਸਪਿਰਟ ਬਰਾਮਦ ਕੀਤੀ ਹੈ। ਮੁੱਖ ਮੰਤਰੀ ਅਤੇ ਡੀਜੀਪੀ ਵੱਲੋਂ ਨਾਜਾਇਜ਼ ਸ਼ਰਾਬ ਮਾਮਲੇ ਵਿਚ ਡਿਸਟਿਲਰੀਆਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸੇ ਤਹਿਤ ਅੱਜ ਐੱਸਡੀਐਮ ਸ਼ਿਵਰਾਜ ਸਿੰਘ ਬੱਲ ਅਤੇ ਡੀਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਵੱਲੋਂ ਖਾਸਾ ਡਿਸਟਿਲਰੀ ਦੀ ਜਾਂਚ ਕੀਤੀ ਗਈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਅੱਜ ਜਾਂਚ ਦੌਰਾਨ ਐੱਸਡੀਐੱਮ ਵੱਲੋਂ ਡਿਸਟਿਲਰੀ ਦੇ ਸਟਾਕ ਰਜਿਸਟਰ ਨੂੰ ਵੀ ਚੈੱਕ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਕਾਰੋਬਾਰ ਖ਼ਿਲਾਫ਼ ਡਰੋਨ ਰਾਹੀਂ ਵਿੱਢੀ ਮੁਹਿੰਮ ਨੂੰ ਸਫ਼ਲਤਾ ਮਿਲ ਰਹੀ ਹੈ। ਪੁਲੀਸ ਨੇ ਕੱਲ੍ਹ 11 ਥਾਵਾਂ ’ਤੇ ਡਰੋਨ ਦੀ ਸਹਾਇਤਾ ਨਾਲ ਛਾਪੇ ਮਾਰੇ ਸਨ। ਉਨ੍ਹਾਂ ਦੱਸਿਆ ਕਿ ਕੱਲ੍ਹ ਇਸ ਸਬੰਧ ਵਿਚ 14 ਕੇਸ ਦਰਜ ਕੀਤੇ ਹਨ ਅਤੇ ਛੇ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਕੋਲੋਂ 125 ਲਿਟਰ ਸਪਿਰਟ , 725 ਕਿਲੋ ਲਾਹਣ ਅਤੇ 88 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਇਸ ਮੁਹਿੰਮ ਤਹਿਤ 220 ਕੇਸ ਦਰਜ ਕੀਤੇ ਹਨ ਅਤੇ 87 ਵਿਅਕਤੀ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ 2388 ਲਿਟਰ ਨਾਜਾਇਜ਼ ਸ਼ਰਾਬ, 10126 ਕਿੱਲੋ ਲਾਹਣ, 9 ਭੱਠੀਆਂ ਅਤੇ 344 ਲਿਟਰ ਸਪਿਰਟ ਬਰਾਮਦ ਕੀਤੀ ਜਾ ਚੁੱਕੀ ਹੈ।
ਸਵਾ ਲੱਖ ਲਿਟਰ ਲਾਹਣ ਬਰਾਮਦ
ਫ਼ਿਰੋਜ਼ਪੁਰ/ਤਰਨ ਤਾਰਨ (ਸੰਜੀਵ ਹਾਂਡਾ/ਗੁਰਬਖਸ਼ਪੁਰੀ): ਆਬਕਾਰੀ ਵਿਭਾਗ ਫ਼ਿਰੋਜ਼ਪੁਰ ਅਤੇ ਤਰਨਤਾਰਨ ਦੀਆਂ ਟੀਮਾਂ ਨੇ ਅੱਜ ਸਾਂਝੇ ਆਪਰੇਸ਼ਨ ਦੌਰਾਨ ਹਰੀਕੇ ਨੇੜੇ ਇੱਕ ਸਥਾਨ ’ਤੇ ਛਾਪਾ ਮਾਰ ਕੇ ਸਵਾ ਲੱਖ ਲਿਟਰ ਲਾਹਣ, ਚਾਲੂ ਭੱਠੀ, 26 ਤਰਪਾਲਾਂ ਅਤੇ ਦਸ ਲੋਹੇ ਦੇ ਡਰੱਮ ਜ਼ਬਤ ਕੀਤੇ ਹਨ। ਇਸ ਮਗਰੋਂ ਲਾਹਣ ਨੂੰ ਨਸ਼ਟ ਕਰ ਦਿੱਤਾ ਗਿਆ। ਟੀਮ ਦੀ ਅਗਵਾਈ ਈਟੀਓ ਆਬਕਾਰੀ ਕਰਮਬੀਰ ਸਿੰਘ ਮਾਹਲਾ ਨੇ ਕੀਤੀ। ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਜੇ.ਐੱਸ ਬਰਾੜ ਨੇ ਦੱਸਿਆ ਕਿ ਸੋਮਵਾਰ ਤੜਕਸਾਰ ਹਰੀਕੇ ਝੀਲ ਦੇ ਮਰੜ ਖੇਤਰ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਟੀਮ ਨੂੰ ਵੱਡੀ ਸਫ਼ਲਤਾ ਹਾਸਲ ਹੋਈ। ਇਸ ਮੌਕੇ ਈਟੀਓ ਤਰਨ ਤਾਰਨ ਮਨਵੀਰ ਬੁੱਟਰ, ਇੰਸਪੈਕਟਰ ਗੁਰਬਖ਼ਸ਼ ਸਿੰਘ, ਅਮਨਬੀਰ ਸਿੰਘ ਅਤੇ ਹਰੀਕੇ ਰੇਂਜ ਅਫ਼ਸਰ ਕੰਵਰਜੀਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਅੱਜ ਦੀ ਇਸ ਕਾਰਵਾਈ ਸਬੰਧੀ ਥਾਣਾ ਹਰੀਕੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਦੇ ਪਿੰਡ ਮਹਾਲਮ ਵਿੱਚ ਤਕਰੀਬਨ 6500 ਲਿਟਰ ਲਾਹਣ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਤਕਰੀਬਨ 2000 ਲਿਟਰ ਲਾਹਣ ਬਰਾਮਦ ਕੀਤੀ ਗਈ।