ਜਸਵੰਤ ਜੱਸ
ਫ਼ਰੀਦਕੋਟ, 11 ਨਵੰਬਰ
ਫ਼ਰੀਦਕੋਟ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਦੀ ਕਥਿਤ ਜਾਅਲੀ ਵਸੀਅਤ ਬਣਾਉਣ ਦੇ ਮਾਮਲੇ ਵਿੱਚ ਰਾਜੇ ਦੀ ਧੀ ਰਾਜ ਕੁਮਾਰੀ ਅੰਮ੍ਰਿਤ ਕੌਰ ਵੱਲੋਂ 23 ਅਧਿਕਾਰੀਆਂ ਖ਼ਿਲਾਫ਼ ਦਰਜ ਕਰਵਾਏ ਗਏ ਅਪਰਾਧਿਕ ਮਾਮਲੇ ਨੂੰ ਰੱਦ ਕਰਨ ਦੀ ਸਿਫਾਰਿਸ਼ ਦਾ ਅਦਾਲਤ ਵਿੱਚ ਵਿਰੋਧ ਕੀਤਾ ਗਿਆ। ਜ਼ਿਲ੍ਹਾ ਪੁਲੀਸ ਨੇ ਰਾਜਾ ਹਰਿੰਦਰ ਸਿੰਘ ਦੀ ਜਾਅਲੀ ਵਸੀਅਤ ਬਣਾਉਣ ਸਬੰਧੀ ਦਰਜ ਮੁਕੱਦਮੇ ਨੂੰ ਰੱਦ ਕਰਨ ਦੀ ਸਿਫਾਰਿਸ਼ ਕਰਦਿਆਂ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਰਾਜ ਕੁਮਾਰੀ ਅੰਮ੍ਰਿਤ ਕੌਰ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਮੰਗ ਕੀਤੀ ਕਿ ਪੁਲੀਸ ਦੀ ਸਿਫਾਰਿਸ਼ ਨੂੰ ਰੱਦ ਕਰ ਕੇ ਜਾਂਚ ਏਜੰਸੀ ਨੂੰ ਹਦਾਇਤ ਕੀਤੀ ਜਾਵੇ ਕਿ ਰਾਜਾ ਹਰਿੰਦਰ ਸਿੰਘ ਦੀ ਫਰਜ਼ੀ ਵਸੀਅਤ ਤਿਆਰ ਕਰਨ ਦੇ ਮਾਮਲੇ ਵਿੱਚ ਵਰਧਮਾਨ ਰਿਆਸਤ ਦੇ ਰਾਜ ਕੁਮਾਰ ਜੈ ਚੰਦ, ਉਨ੍ਹਾਂ ਦੀ ਪੁੱਤਰੀ ਨਿਸ਼ਾ ਅਤੇ ਮਹਾਰਾਵਲ ਖੇਵਾ ਜੀ ਟਰੱਸਟ ਦੇ ਅਧਿਕਾਰੀਆਂ ਖ਼ਿਲਾਫ਼ ਨਿਰਪੱਖ ਪੜਤਾਲ ਕਰ ਕੇ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਚੀਫ਼ ਜੁਡੀਸ਼ਲ ਮੈਜਿਸਟਰੇਟ ਸੰਜੀਵ ਕੁਮਾਰ ਕੁੰਦੀ ਦੀ ਅਦਾਲਤ ਵਿੱਚ ਰਾਜ ਕੁਮਾਰੀ ਅੰਮ੍ਰਿਤ ਕੌਰ ਨੇ ਕਿਹਾ ਕਿ ਮਹਾਰਾਜਾ ਹਰਿੰਦਰ ਸਿੰਘ ਦੀ ਵਸੀਅਤ ਜਾਅਲੀ ਤਿਆਰ ਕੀਤੀ ਗਈ ਸੀ ਅਤੇ ਇਸ ਸਬੰਧੀ ਹਾਈ ਕੋਰਟ ਤੋਂ ਇਲਾਵਾ ਜ਼ਿਲ੍ਹਾ ਜੱਜ ਚੰਡੀਗੜ੍ਹ ਨੇ ਰਾਜੇ ਦੀ ਵਸੀਅਤ ਜਾਅਲੀ ਹੋਣ ਦੀ ਪੁਸ਼ਟੀ ਕੀਤੀ ਹੈ। ਅਦਾਲਤ ਵੱਲੋਂ ਮਾਮਲੇ ਵਿੱਚ ਅਗਲੀ ਸੁਣਵਾਈ ਹੁਣ ਅਗਲੇ ਸਾਲ 17 ਜਨਵਰੀ ਨੂੰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਿਟੀ ਪੁਲੀਸ ਫਰੀਦਕੋਟ ਨੇ ਹਾਈ ਕੋਰਟ ਵੱਲੋਂ ਰਾਜੇ ਦੀ ਵਸੀਅਤ ਰੱਦ ਕਰਨ ਦੇ ਫੈਸਲੇ ਮਗਰੋਂ ਰਾਜ ਕੁਮਾਰੀ ਅੰਮ੍ਰਿਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਫਰਜ਼ੀ ਵਸੀਅਤ ਤਿਆਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।