ਇਕਬਾਲ ਸਿੰਘ ਸ਼ਾਂਤ
ਲੰਬੀ, 11 ਫਰਵਰੀ
ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲਗਾਤਾਰ ਦੂਸਰੇ ਦਿਨ ਲੰਬੀ ਹਲਕੇ ਵਿੱਚ ਚੋਣ ਮੁਹਿੰਮ ਭਖਾਈ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ’ਚ ਦਿੱਲੀ ਮਾਡਲ ਲਾਗੂ ਕਰਨ ਦੇ ਵਾਅਦਿਆਂ ਨੂੰ ਸੂਬੇ ਬੇਹੱਦ ਘਾਤਕ ਦੱਸਦਿਆਂ ਆਖਿਆ ਕਿ ਜੇਕਰ ਪੰਜਾਬ ’ਚ ਉਹ ਮਾਡਲ ਆਇਆ ਤਾਂ ਪੰਜਾਬ ਬਰਬਾਦ ਹੋ ਜਾਵੇਗਾ। ਪਿੰਡ ਰਾਣੀਵਾਲਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਅਤੇ ਇੱਕ ਵਿਕਸਤ ਮਹਾਨਗਰ ਰੂਪੀ ਸੂਬਾ ਹੈ। ਪੰਜਾਬ ਹਜ਼ਾਰਾਂ ਪਿੰਡਾਂ ਅਤੇ ਵੱਡੀ ਗਿਣਤੀ ਸ਼ਹਿਰਾਂ ਅਤੇ ਕਸਬਿਆਂ ’ਤੇ ਆਧਾਰਿਤ ਸੂਬਾ ਹੈ, ਜਿਸ ਦੇ ਹਰ ਖੇਤਰ ਦੀਆਂ ਆਪੋ-ਆਪਣੀਆਂ ਸਮੱਸਿਆਵਾਂ ਅਤੇ ਮਸਲੇ ਹਨ। ਸ੍ਰੀ ਬਾਦਲ ਨੇ ਤਰਕ ਦਿੰਦਿਆਂ ਕਿਹਾ ਕਿ ਜਿਵੇਂ ਪੰਜਾਬ ’ਚ ਸੇਮ ਬਹੁਤ ਹੈ, ਦਿੱਲੀ ’ਚ ਸੇਮ ਨਹੀਂ ਹੈ। ਹਕੀਕਤ ’ਚ ਦਿੱਲੀ ਦੀਆਂ ਜ਼ਰੂਰਤਾਂ-ਸਮੱਸਿਆਵਾਂ ਅਤੇ ਪੰਜਾਬ ਦੇ ਮਸਲਿਆਂ ’ਚ ਜ਼ਮੀਨ ਅਸਮਾਨ ਦਾ ਫ਼ਰਕ ਹੈ, ਜਿਸ ਦੇ ਮਾਡਲ ਦੀ ਤੁਲਨਾ ਕਿਸੇ ਕੀਮਤ ’ਤੇ ਪੰਜਾਬ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾਡਲ ਨੂੰ ਦੂਜੀ ਥਾਂ ’ਤੇ ਆਪਣੇ ਹਿੱਤਾਂ ਨਾਲ ਲਾਗੂ ਕਰਨਾ ਉਸ ਨਾਲ ਖਿਲਵਾੜ ਕਰਨ ਵਾਂਗ ਹੈ। ਕਾਂਗਰਸੀ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮਾਂ ਪਾਰਟੀ ਨਾਲੋਂ ਪਰਿਵਾਰ ਪਿਆਰਾ ਹੋਣ ਬਾਰੇ ਬਿਆਨ ਨੂੰ ਸ੍ਰੀ ਬਾਦਲ ਨੇ ਮੰਦਭਾਗਾ ਦੱਸਦਿਆਂ ਕਿਹਾ ਕਿ ਜਿਸ ਦੀ ਇਹ ਸੋਚ ਹੈ, ਉਹ ਇਨਸਾਨ ਨਹੀਂ। ਸਭ ਤੋਂ ਜ਼ਰੂਰੀ ਪਾਰਟੀ ਹੁੰਦੀ ਹੈ।
ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਸਿਹਤ ਦੀ ਪੁੜੀ ਲੋਕਾਂ ਵਿੱਚੋਂ ਦਿਖਾਈ ਦਿੰਦੀ ਹੈ। ਉੁਨ੍ਹਾਂ ਲੰਬੀ ਵਾਸੀਆਂ ਨੂੰ ਆਖਿਆ, ‘ਉਂਝ ਮੇਰੀ ਸਿਹਤ ਵਧੀਆ ਰਹਿੰਦੀ ਹੈ। ਜੇਕਰ ਵਿਹਲਾ ਰਹਾਂ ਤਾਂ ਸਿਹਤ ਖ਼ਰਾਬ ਹੋ ਜਾਂਦੀ ਹੈ। ਹੁਣ ਇਹ ਤਾਕਤ ਤੁਹਾਡੇ ਹੱਥ ਹੈ ਕਿ ਮੇਰੀ ਦੀ ਸਿਹਤ ਚੰਗੀ ਰੱਖਣੀ ਜਾਂ ਮਾੜੀ।’
ਦਿੱਲੀ ਤੋਂ ਆਉਂਦੈ ਹਰ ਪਾਰਟੀ ਦਾ ਫ਼ਰਮਾਨ: ਹਰਸਿਮਰਤ
ਮਲੋਟ (ਲਖਵਿੰਦਰ ਸਿੰਘ): ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਹਲਕਾ ਮਲੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਦੇ ਹੱਕ ਵਿਚ ਗੁਰੂ ਰਵਿਦਾਸ ਨਗਰ, ਕੈਂਪ ਅਤੇ ਰਾਮ ਸਿੰਘ ਮੁਹੱਲੇ ’ਚ ਇਕੱਠਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹਰ ਸਿਆਸੀ ਪਾਰਟੀ ਦਾ ਹੁਕਮ ਦਿੱਲੀ ਤੋਂ ਆਉਂਦਾ ਹੈ, ਜਿਸ ਕਰ ਕੇ ਪੰਜਾਬ ਦੇ ਆਮ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ-ਇਕ ਅਜਿਹੀ ਪਾਰਟੀ ਹੈ, ਜੋ ਪੰਜਾਬ ਦੀ ਬਿਹਤਰੀ ਲਈ ਕੰਮ ਕਰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਕਰੇਗੀ।