ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 30 ਅਕਤੂਬਰ
ਜਲੰਧਰ ਵਿੱਚ ਆਜ਼ਾਦੀ ਸੰਗਰਾਮ ਦੇ ਅਮਰ ਸ਼ਹੀਦਾਂ ਤੇ ਗਦਰੀ ਇਨਕਲਾਬੀਆਂ ਦੀਆਂ ਅਥਾਹ ਕੁਰਬਾਨੀਆਂ ਨੂੰ ਸਿਜਦਾ ਕਰਦਾ ਤਿੰਨ ਰੋਜ਼ਾ ਮੇਲਾ ਗਦਰੀ ਬਾਬਿਆਂ ਦਾ ਅੱਜ ਸ਼ੁਰੂ ਹੋ ਗਿਆ ਹੈ। ਮੇਲੇ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਇਹ ਮੇਲਾ ਲੋਕਾਂ ਵਿੱਚ ਸੂਝ-ਬੂਝ ਪੈਦਾ ਕਰਨ ਲਈ ਚੌਮੁਖੀਏ ਚਿਰਾਗ਼ ਦਾ ਕੰਮ ਕਰੇਗਾ ਤਾਂ ਜੋ ਲੋਕਾਂ ’ਤੇ ਹੋ ਰਹੇ ਚੌਤਰਫ਼ਾ ਹੱਲਿਆਂ ਨੂੰ ਠੱਲ੍ਹਿਆ ਜਾ ਸਕੇ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਸਾਡੇ ਪੁਰਖ਼ਿਆਂ ਦੇ ਇਤਿਹਾਸ ਨੂੰ ਸੰਭਾਲਣ ਤੇ ਉਸ ਦੀ ਪ੍ਰਸੰਗਿਕਤਾ ਨੂੰ ਉਭਾਰਨ ਵਿੱਚ ਇਹ ਮੇਲਾ ਸਾਰਥਕ ਭੂਮਿਕਾ ਨਿਭਾਅ ਰਿਹਾ ਹੈ। ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਬਹੁਤ ਹੀ ਪੀੜ-ਪਰੁੰਨੇ ਮਨ ਨਾਲ ਉਹ ਮਹਿਸੂਸ ਕਰ ਰਹੇ ਹਨ ਕਿ ਅੱਜ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਰੰਗ ਕਰਮੀਆਂ, ਕਵੀਆਂ ਨੇ ਮਿਲ ਕੇ ਉਦਘਾਟਨੀ ਸਮਾਗਮ ਦੀ ਸ਼ਮ੍ਹਾਂ ਰੋਸ਼ਨ ਕਰਨੀ ਸੀ, ਪਰ ਹਾਲੇ ਤੱਕ ਲਹਿੰਦੇ ਪੰਜਾਬ ਦੀਆਂ ਨਾਟਕ ਮੰਡਲੀਆਂ ਤੇ ਕਵੀ ਬਾਬਾ ਨਜ਼ਮੀ ਦੇ ਵੀਜ਼ੇ ਸਬੰਧੀ ਕਾਰਵਾਈ ਮੁਕੰਮਲ ਨਾ ਹੋ ਸਕਣਾ ਬਹੁਤ ਹੀ ਦੁਖ਼ਦਾਇਕ ਹੈ। ਮੇਲੇ ਦੇ ਪਹਿਲੇ ਦਿਨ ਅੱਜ ਚਿੱਤਰਕਲਾ ਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਗੁਰਦੀਸ਼ ਜਲੰਧਰ, ਰਵਿੰਦਰ ਰਵੀ ਲੁਧਿਆਣਾ, ਗੁਰਪ੍ਰੀਤ ਬਠਿੰਡਾ ਤੇ ਉਨ੍ਹਾਂ ਦੀ ਬੇਟੀ, ਅਮਿਤ ਜ਼ਰਫ਼, ਹਰਮੀਤ ਆਰਟਿਸਟ ਅੰਮ੍ਰਿਤਸਰ, ਇੰਦਰਜੀਤ ਜਲੰਧਰ, ਵਰੁਣ ਟੰਡਨ ਤੇ ਕੰਵਰਦੀਪ ਸਿੰਘ ਦੀਆਂ ਕਲਾ ਕ੍ਰਿਤਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ।
ਮੇਲੇ ਦੇ ਪਹਿਲੇ ਦਿਨ ਹੋਏ ਭਾਸ਼ਨ ਮੁਕਾਬਲੇ ਵਿੱਚ ਬਲਪ੍ਰੀਤ ਕੌਰ (ਲਾਇਲਪੁਰ ਖਾਲਸਾ ਕਾਲਜ ਜਲੰਧਰ), ਗੁਰਸਿਮਰਨ ਕੌਰ (ਐਮ.ਡੀ.ਦਾਇਆਨੰਦ ਮਾਡਲ ਸਕੂਲ ਨਕੋਦਰ) ਤੇ ਤਾਨੀਆ (ਗੌਰਮਿੰਟ ਕਾਲਜ, ਹੁਸ਼ਿਆਰਪੁਰ) ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਗਾਇਨ ਮੁਕਾਬਲਾ (ਸੀਨੀਅਰ ਸੋਲੋ) ’ਚ ਜੈਸਮੀਨ (ਸੰਤ ਹੀਰਾ ਦਾਸ ਕੰਨਿਆ ਮਹਾਵਿਦਿਆਲਿਆ, ਕਾਲਾ ਸੰਘਿਆ), ਹਰਸ਼ (ਬਿਲਗਾ), ਜਸਕੀਤ (ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ) ਤੇ (ਸੀਨੀਅਰ ਸਮੂਹ ਗਾਇਨ) ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ, ਸੰਤ ਹੀਰਾ ਦਾਸ ਕੰਨਿਆ ਮਹਾਵਿਦਿਆਲਿਆ ਕਾਲਾ ਸੰਘਿਆ ਤੇ ਐੱਸਡੀ ਦਇਆਨੰਦ ਮਾਡਲ ਸਕੂਲ ਨਕੋਦਰ ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸਮੂਹ ਜੇਤੂਆਂ ਨੂੰ ਇਨਾਮ, ਸਨਮਾਨ ਪੱਤਰ ਅਤੇ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਤੀਯੋਗੀਆਂ ਨੂੰ ਸਨਮਾਨ ਪੱਤਰ ਵੰਡੇ ਗਏ। ਮੇਲੇ ਦੇ ਦੂਸਰੇ ਦਿਨ 31 ਅਕਤੂਬਰ ਨੂੰ ਪੇਂਟਿੰਗ, ਕੁਇਜ਼, ਕਵੀ ਦਰਬਾਰ, ਫ਼ਿਲਮ ‘ਰੱਬਾ ਹੁਣ ਕੀ ਕਰੀਏ’ ਅਤੇ ਸੋਲੋ ਨਾਟਕ ‘ਜੂਠ’ ਖੇਡਿਆ ਜਾਵੇਗਾ।
ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਕੁਲਬੀਰ ਸਿੰਘ ਸੰਘੇੜਾ, ਮੰਗਤ ਰਾਮ ਪਾਸਲਾ, ਹਰਵਿੰਦਰ ਭੰਡਾਲ, ਪ੍ਰਗਟ ਸਿੰਘ ਜਾਮਾਰਾਏ, ਕ੍ਰਿਸ਼ਨਾ, ਪ੍ਰੋ. ਗੋਪਾਲ ਸਿੰਘ ਬੁੱਟਰ, ਹਰਮੇਸ਼ ਮਾਲੜੀ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਚਰੰਜੀ ਲਾਲ ਕੰਗਣੀਵਾਲ ਤੇ ਵਿਜੈ ਬੰਬੇਲੀ ਤੋਂ ਇਲਾਵਾ ਮੇਲੇ ਨਾਲ ਜੁੜੀਆਂ ਪ੍ਰਬੰਧਕ ਟੀਮਾਂ ਹਾਜ਼ਰ ਸਨ।