ਪਵਨ ਗੋਇਲ
ਭੁੱਚੋ ਮੰਡੀ, 3 ਅਪਰੈਲ
ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਲੋਕਾਂ ਦੇ ਆਰਥਿਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਸੁਧਾਰ ਕੀਤੇ ਜਾਣਗੇ। ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣਾ ਹੀ ‘ਆਪ’ ਦਾ ਮੁੱਖ ਮੰਤਵ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੇਸ਼ ਦਾ ਬਿਹਤਰੀਨ ਸਿੱਖਿਆ ਢਾਂਚਾ ਬਣਾਇਆ ਜਾਵੇਗਾ। ਇਸ ਸਬੰਧੀ ਜ਼ਮੀਨੀ ਪੱਧਰ ’ਤੇ ਸਕੂਲਾਂ ਅਤੇ ਸਟਾਫ ਦੀ ਘਾਟ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਸ ’ਤੇ ਵਿਚਾਰ-ਵਟਾਦਰਾਂ ਕਰ ਕੇ ਨਵੀਂ ਸਿੱਖਿਆ ਨੀਤੀ ਉਲੀਕੀ ਜਾਵੇਗੀ।
ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਦੌਰੇ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਬਦਲੀਆਂ ਲਈ ਜਲਦੀ ਹੀ ਆਨਲਾਈਨ ਪੋਰਟਲ ਸ਼ੁਰੂ ਕੀਤਾ ਜਾਵੇਗਾ। ਲੋਕਾਂ ਵੱਲੋਂ ਨਿੱਜੀ ਸਕੂਲਾਂ ਦੀਆਂ ਆਪਹੁਦਰੀਆਂ ਖ਼ਿਲਾਫ਼ ਸਖ਼ਤੀ ਬਾਰੇ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਇੱਕ-ਦੋ ਦਿਨਾਂ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਐਲਾਨ ਕਰਨ ਵਾਲੇ ਹਨ। ਇਸ ਮੌਕੇ ਮੰਤਰੀ ਨੇ ਪ੍ਰਿੰਸੀਪਲ ਜਸਵੀਰ ਸਿੰਘ ਬੇਗਾ ਤੋਂ ਸਕੂਲ ਦੀ ਇਮਾਰਤ ਅਤੇ ਸਿੱਖਿਆ ਪ੍ਰਬੰਧਾਂ ਸਬੰਧੀ ਜਾਇਜ਼ਾ ਲਿਆ।
ਇਸ ਮੌਕੇ ਵਿਧਾਇਕ ਜਗਸੀਰ ਸਿੰਘ ਨੇ ਸਕੂਲ ਦੀ 1950 ਵਿੱਚ ਬਣੀ ਇਮਾਰਤ ਦਾ ਨਵੀਨੀਕਰਨ ਕੀਤੇ ਜਾਣ, ਸਰਕਾਰੀ ਗਰਲਜ਼ ਹਾਈ ਸਕੂਲ ਨੂੰ ਬਾਰ੍ਹਵੀਂ ਤੱਕ ਅਪਗਰੇਡ ਕਰਨ ਅਤੇ ਲੜਕੀਆਂ ਲਈ ਕਾਲਜ ਖੋਲ੍ਹਣ ਦੀ ਮੰਗ ਕੀਤੀ।
ਫ਼ਾਜਿਲਕਾ (ਪਰਮਜੀਤ ਸਿੰਘ): ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਸੂਬਾ ਸਰਕਾਰ 10,500 ਅਧਿਆਪਕਾਂ ਦੀ ਭਰਤੀ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਸੁਧਾਰ ਕੀਤਾ ਜਾਵੇਗਾ। ਉਹ ਇੱਥੇ ਪਿੰਡ ਚਾਣਨਵਾਲਾ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਦੇ ਸਾਲਾਨਾ ਸਮਾਗਮ ਵਿਚ ਸ਼ਿਰਕਤ ਕਰਨ ਪੁੱਜੇ ਸਨ।
ਪੁਰਾਣੇ ਦੋਸਤਾਂ ਨਾਲ ਯਾਦਾਂ ਸਾਂਝੀਆਂ ਕੀਤੀਆਂ
ਭੁੱਚੋ ਮੰਡੀ: ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਸਥਾਨਕ ਸਰਕਾਰੀ ਸਕੂਲ ਦੇ ਦੌਰੇ ਦੌਰਾਨ ਖੇਡ ਮੈਦਾਨ ਵਿੱਚ ਆਪਣੇ ਬਚਪਨ ਦੇ ਦੋਸਤਾਂ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਚਪਨ ਦਾ ਕਾਫ਼ੀ ਸਮਾਂ ਭੁੱਚੋ ਮੰਡੀ ਵਿੱਚ ਗੁਜ਼ਰਿਆ। ਉਹ ਸਕੂਲ ਦੇ ਇਸ ਗਰਾਊਂਡ ਵਿੱਚ ਆਪਣੇ ਮਸੇਰੇ ਭਰਾ ਦੀਪਿੰਦਰ ਸਿੱਧੂ, ਦੋਸਤਾਂ ਰਵਿੰਦਰ ਸਿੰਘ ਡੀਪੀ, ਅਵਤਾਰ ਸਿੰਘ, ਗੁਰਪਿੰਦਰ ਸਿੰਘ ਅਤੇ ਗਗਨਦੀਪ ਸਿੰਘ ਆਦਿ ਨਾਲ ਖੇਡਦੇ ਰਹੇ ਹਨ। ਮੀਤ ਹੇਅਰ ਵਾਰਡ ਨੰਬਰ-7 ਵਿੱਚ ਆਪਣੀ ਮਾਸੀ ਦੇ ਘਰ ਮਿਲਣ ਲਈ ਵੀ ਗਏ। ਉਨ੍ਹਾਂ ਦੇ ਮਾਸੜ ਅਮਰਜੀਤ ਸਿੰਘ ਸਿੱਧੂ, ਮਾਸੀ ਪਰਮਜੀਤ ਕੌਰ, ਨਾਨੀ ਰਤਨ ਕੌਰ ਨੇ ਉਨ੍ਹਾਂ ਦਾ ਸਵਾਗਤ ਕੀਤਾ।