ਚਰਨਜੀਤ ਭੁੱਲਰ
ਚੰਡੀਗੜ੍ਹ, 22 ਜੁਲਾਈ
ਪੰਜਾਬ ਕਾਂਗਰਸ ਦੇ ਭਲਕੇ ਹੋ ਰਹੇ ‘ਤਾਜਪੋਸ਼ੀ ਸਮਾਰੋਹਾਂ’ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਇੱਕ ਮੰਚ ’ਤੇ ਦਿਖਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ 58 ਵਿਧਾਇਕਾਂ ਵੱਲੋਂ ਦਿੱਤਾ ਸੱਦਾ ਕਬੂਲ ਲਿਆ ਹੈ ਜਿਸ ਨਾਲ ਕਾਂਗਰਸ ਪਾਰਟੀ ਨੂੰ ‘ਤਾਜਪੋਸ਼ੀ ਸਮਾਗਮਾਂ’ ’ਚ ਹੁਣ ਏਕੇ ਦਾ ਸੁਨੇਹਾ ਦੇਣ ਦਾ ਮੌਕਾ ਮਿਲੇਗਾ। ਅਗਲੀਆਂ ਚੋਣਾਂ ’ਚ ਕਾਰਗੁਜ਼ਾਰੀ ਦਿਖਾਉਣ ਲਈ ਕਾਂਗਰਸ ਭਲਕ ਤੋਂ ਨਵੀਂ ਰਣਨੀਤੀ ਨਾਲ ਉਤਰੇਗੀ।
ਚੰਡੀਗੜ੍ਹ ਦੇ ਕਾਂਗਰਸ ਭਵਨ ’ਚ 23 ਜੁਲਾਈ ਨੂੰ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ, ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਡੈਨੀ ਅਤੇ ਪਵਨ ਗੋਇਲ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲਣਗੇ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਇਨ੍ਹਾਂ ਸਮਾਗਮਾਂ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੇ। ਤਾਜਪੋਸ਼ੀ ਸਮਾਰੋਹਾਂ ਦੀਆਂ ਤਿਆਰੀਆਂ ਦੇਖ ਰੇਖ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਮੰਤਰੀ ਕਰ ਰਹੇ ਹਨ। ਲੰਘੇ ਕੱਲ੍ਹ ਪਾਰਟੀ ਦੇ 58 ਵਿਧਾਇਕਾਂ ਨੇ ਬਕਾਇਦਾ ਮਤਾ ਪਾਸ ਕਰਕੇ ਮੁੱਖ ਮੰਤਰੀ ਨੂੰ ਇਨ੍ਹਾਂ ਤਾਜਪੋਸ਼ੀ ਸਮਾਰੋਹਾਂ ਵਿਚ ਆਉਣ ਦਾ ਸੱਦਾ ਦਿੱਤਾ ਸੀ।
ਅੱਜ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਸੰਗਤ ਸਿੰਘ ਗਿਲਜੀਆਂ ਕਰੀਬ ਤਿੰਨ ਵਜੇ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ’ਤੇ ਗਏ ਅਤੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਸਮੀ ਸੱਦਾ ਪੱਤਰ ਦਿੱਤਾ। ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਇਕਾਂ ਤਰਫੋਂ ਭੇਜਿਆ ਸੱਦਾ ਪੱਤਰ ਕਬੂਲ ਕਰ ਲਿਆ ਹੈ ਅਤੇ ਮੁੱਖ ਮੰਤਰੀ ਭਲਕ ਦੇ ਸਮਾਰੋਹਾਂ ਵਿਚ ਨਵੀਂ ਟੀਮ ਨੂੰ ਆਸ਼ੀਰਵਾਦ ਦੇਣ ਲਈ ਪੁੱਜ ਰਹੇ ਹਨ।
ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਨੂੰ ਲਿਖਿਆ ਸੀ ਕਿ ਉਨ੍ਹਾਂ ਦਾ ਕੋਈ ਨਿੱਜੀ ਏਜੰਡਾ ਨਹੀਂ ਬਲਕਿ ਉਹ ਲੋਕ ਮੁਖੀ ਏਜੰਡਾ ਲੈ ਕੇ ਚੱਲ ਰਹੇ ਹਨ ਤਾਂ ਜੋ ਹਾਈਕਮਾਨ ਤਰਫੋਂ ਦਿੱਤੇ 18 ਨੁਕਾਤੀ ਏਜੰਡੇ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨਿੱਜੀ ਤੌਰ ’ਤੇ ਵੀ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਅੱਜ ਪਾਰਟੀ ਦੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਸੀਨੀਅਰ ਲੀਡਰਾਂ ਨੂੰ ਭਲਕੇ ਪੰਜਾਬ ਭਵਨ ’ਚ 10 ਵਜੇ ਰੱਖੀ ਚਾਹ ਪਾਰਟੀ ਲਈ ਸੱਦਾ ਦਿੱਤਾ ਹੈ ਜਿਸ ’ਚ ਸਮੇਤ ਨਵਜੋਤ ਸਿੱਧੂ ਸਾਰੇ ਵਿਧਾਇਕਾਂ ਦੇ ਪੁੱਜਣ ਦੀ ਸੰਭਾਵਨਾ ਹੈ। ਸੰਸਦੀ ਸੈਸ਼ਨ ਹੋਣ ਕਰਕੇ ਕੁਝ ਸੰਸਦ ਮੈਂਬਰ ਸਮਾਰੋਹਾਂ ’ਚੋਂ ਗੈਰ-ਹਾਜ਼ਰ ਰਹਿ ਸਕਦੇ ਹਨ। ਚਾਹ ਪਾਰਟੀ ਮਗਰੋਂ ਮੁੱਖ ਮੰਤਰੀ ਤੇ ਨਵਜੋਤ ਸਿੱਧੂ ਇੱਕੋ ਗੱਡੀ ’ਚ ਸਮਾਰੋਹ ’ਚ ਪੁੱਜ ਸਕਦੇ ਹਨ। ‘ਤਾਜਪੋਸ਼ੀ ਸਮਾਗਮਾਂ’ ’ਚ ਹਜ਼ਾਰਾਂ ਦਾ ਇਕੱਠ ਕੀਤਾ ਜਾਣਾ ਹੈ ਤਾਂ ਜੋ ਅਗਲੀਆਂ ਚੋਣਾਂ ਨੂੰ ਲੈ ਕੇ ਆਗਾਜ਼ ਚੰਗਾ ਕੀਤਾ ਜਾ ਸਕੇ। ਪੰਜਾਬ ਭਵਨ ਦੇ ਅੰਦਰ ਬਾਹਰ ਵੱਡੇ ਫਲੈਕਸ ਲੱਗ ਰਹੇ ਹਨ ਜਿਨ੍ਹਾਂ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਸਵੀਰ ਛਾਪੀ ਗਈ ਹੈ।
ਅਮਰਿੰਦਰ ਨੇ ਦਿਖਾਈ ਸਿਆਸੀ ਸੂਝ
ਸੂਤਰ ਦੱਸਦੇ ਹਨ ਕਿ ਹਾਈਕਮਾਨ ਨੇ ਮੁੱਖ ਮੰਤਰੀ ’ਤੇ ਦਬਾਓ ਬਣਾਇਆ ਕਿ ਸਮਾਗਮਾਂ ਵਿਚ ਪਾਰਟੀ ਵਿਚ ਪਾਟੋਧਾੜ ਦਾ ਸੁਨੇਹਾ ਨਹੀਂ ਜਾਣਾ ਚਾਹੀਦਾ ਹੈ। ਦੂਸਰਾ ਨਵਜੋਤ ਸਿੱਧੂ ਨਾਲ ਕਰੀਬ 58 ਵਿਧਾਇਕਾਂ ਦੇ ਡਟ ਜਾਣ ਮਗਰੋਂ ਮੁੱਖ ਮੰਤਰੀ ਨੇ ਹਵਾ ਦਾ ਰੁੱਖ ਭਾਂਪ ਲਿਆ ਤੇ ਸਿਆਸੀ ਸਿਆਣਪ ਦਿਖਾਉਣ ਵਿਚ ਭਲਾਈ ਸਮਝੀ। ਚਰਚੇ ਤਾਂ ਇਹ ਵੀ ਹਨ ਕਿ ਹਾਈਕਮਾਨ ਨੇ ਇੱਥੋਂ ਤੱਕ ਸੋਚ ਲਿਆ ਸੀ ਕਿ ਜੇਕਰ ਮੁੱਖ ਮੰਤਰੀ ਕੋਈ ਅੜੀ ਫੜਦੇ ਹਨ ਤਾਂ ਕੋਈ ਸਖ਼ਤ ਫੈਸਲਾ ਲੈ ਲਿਆ ਜਾਵੇਗਾ। ਜੇ ਮੁੱਖ ਮੰਤਰੀ ਰਜ਼ਾਮੰਦ ਨਾ ਹੁੰਦੇ ਤਾਂ ਇਹ ਸੰਕੇਤ ਵੀ ਜਾਣੇ ਸਨ ਕਿ ਅਮਰਿੰਦਰ ਹਾਈਕਮਾਨ ਨੂੰ ਚੁਣੌਤੀ ਦੇ ਰਹੇ ਹਨ।
ਕੇਂਦਰ ਬਿੰਦੂ ਬਣੇਗਾ 18 ਨੁਕਾਤੀ ਏਜੰਡਾ
ਤਾਜਪੋਸ਼ੀ ਸਮਾਰੋਹਾਂ ਵਿਚ 18 ਨੁਕਾਤੀ ਏਜੰਡਾ ਕੇਂਦਰ ਬਿੰਦੂ ਵਿਚ ਰਹਿ ਸਕਦਾ ਹੈ। ਨਵਜੋਤ ਸਿੱਧੂ ਦੀ ਪ੍ਰਧਾਨਗੀ ਮਗਰੋਂ ਪੰਜਾਬ ’ਚ ਆਮ ਲੋਕ ਇਹ ਸੁਆਲ ਉਠਾਉਣ ਲੱਗੇ ਹਨ ਕਿ ਪੰਜਾਬ ਦੇ ਭਲੇ ਲਈ 18 ਨੁਕਾਤੇ ਏਜੰਡੇ ਨੂੰ ਲੈ ਕੇ ਕੀ ਨਵਜੋਤ ਸਿੱਧੂ ਆਪਣੇ ਸਟੈਂਡ ’ਤੇ ਕਾਇਮ ਰਹਿਣਗੇ। ਨਵਜੋਤ ਸਿੱਧੂ ਭਲਕੇ ਮੁੱਖ ਮੰਤਰੀ ਅੱਗੇ 18 ਨੁਕਾਤੀ ਏਜੰਡਾ ਦੀ ਗੱਲ ਰੱਖ ਸਕਦੇ ਹਨ ਕਿਉਂਕਿ ਆਮ ਲੋਕਾਂ ਨੂੰ ਕਿਸੇ ਪਾਰਟੀ ਦੀ ਪ੍ਰਧਾਨਗੀ ’ਚ ਬਦਲਾਅ ਨਾਲੋਂ ਵੱਧ ਲੋਕ ਸਰੋਕਾਰਾਂ ਨਾਲ ਜੁੜੇ ਮਸਲਿਆਂ ਦੇ ਹੱਲ ਹੋਣ ਦੀ ਫਿਕਰਮੰਦੀ ਜ਼ਿਆਦਾ ਰਹਿੰਦੀ ਹੈ।