ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਅਕਤੂਬਰ
ਇੱਥੇ ਬਲਾਕ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਬੱਧਨੀ ਖੁਰਦ ’ਚ ਰਾਖਵੇਂ ਵਾਰਡ ਤੋਂ ਇੱਕ ਪੰਚ ਨੂੰ ਦੋ ਵੋਟਾਂ ਨਾਲ ਜੇਤੂ ਐਲਾਨ ਕੇ ਬਾਅਦ ’ਚ ਉਸ ਨੂੰ ਕਥਿਤ ਤੌਰ ’ਤੇ ਡਰਾ ਧਮਕਾ ਕੇ ਚੋਣ ਅਧਿਕਾਰੀ ਵੱਲੋਂ ਜਾਰੀ ਸਰਟੀਫ਼ਿਕੇਟ ਵਾਪਸ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਨੇ ਚੋਣ ਅਮਲੇ ਦੀ ਲਾਪਰਵਾਹੀ ਦੀ ਪੁਸ਼ਟੀ ਕਰਦਿਆਂ ਪ੍ਰੀਜ਼ਾਈਡਿੰਗ ਅਫ਼ਸਰ ਤੋਂ ਜਵਾਬ ਤਲਬੀ ਲਈ ਨੋਟਿਸ ਜਾਰੀ ਕੀਤਾ ਹੈ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਤੇ ਪੀੜਤ ਪੰਚ ਉਮੀਦਵਾਰ ਸੁਖਦੇਵ ਸਿੰਘ ਤੇ ਹੋਰ ਆਗੂਆਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਜਾਰੀ ਸਰਟੀਫ਼ਿਕੇਟ ਦਿਖਾਉਂਦੇ ਹੋਏ ਦੱਸਿਆ ਕਿ ਪਿੰਡ ਬੱਧਨੀ ਖੁਰਦ ’ਚ ਵਾਰਡ ਨੰਬਰ 2 ਤੋਂ ਪੀੜਤ ਸੁਖਦੇਵ ਸਿੰਘ ਦੇ ਚੋਣ ਨਿਸ਼ਾਨ ‘ਕੈਂਚੀ’ ਨੂੰ 80 ਅਤੇ ਵਿਰੋਧੀ ਭਗਵਾਨ ਸਿੰਘ ਦੇ ਚੋਣ ਨਿਸ਼ਾਨ ‘ਡਰਿੱਲ’ ਨੂੰ 78 ਵੋਟਾਂ ਮਿਲਣ ’ਤੇ ਦੋ ਵੋਟਾਂ ਦੇ ਅੰਤਰ ਨਾਲ ਸੁਖਦੇਵ ਸਿੰਘ ਨੂੰ ਜੇਤੂ ਕਰਾਰ ਦਿੰਦੇ ਹੋਏ ਸਰਟੀਫ਼ਿਕੇਟ ਜਾਰੀ ਕਰ ਦਿੱਤਾ ਸੀ। ਇਸੇ ਦੌਰਾਨ ਹਜੂਮ ਨੇ ਪੋਲਿੰਗ ਪਾਰਟੀ ਨੂੰ ਬੰਦੀ ਬਣਾ ਲਿਆ ਅਤੇ ਸਥਿਤੀ ਤਣਾਅਪੂਰਨ ਹੋਣ ’ਤੇ ਐੱਸਡੀਐੱਮ ਨਿਹਾਲ ਸਿੰਘ ਵਾਲਾ ਨੂੰ ਮੌਕੇ ’ਤੇ ਆਉਣਾ ਪਿਆ।
ਉਨ੍ਹਾਂ ਕਿਹਾ ਕਿ ਕਥਿਤ ਸਿਆਸੀ ਦਬਾਅ ਹੇਠ ਜੇਤੂ ਐਲਾਨੇ ਪੰਚ ਸੁਖਦੇਵ ਸਿੰਘ ਦੇ ਘਰ ਰਾਤ ਨੂੰ ਪੁਲੀਸ ਭੇਜ ਕੇ ਧੱਕੇ ਨਾਲ ਸਰਟੀਫਿਕੇਟ ਵੀ ਵਾਪਸ ਕਰਵਾ ਲਿਆ ਗਿਆ।
ਇਸ ਮੌਕੇ ਚੋਣ ਅਮਲੇ ਨੂੰ ਬੰਦੀ ਬਣਾਉਣ ਦੀ ਕਾਰਵਾਈ ਕਰਨ ਦੀ ਬਜਾਏ ਵਿਰੋਧੀ ਧਿਰ ਦੀ ਮੰਗ ਮੰਨਦੇ ਹੋਏ ਵੋਟਾਂ ਦੀ ਮੁੜ ਗਿਣਤੀ ਕਰਵਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਚੋਣ ਅਧਿਕਾਰੀਆਂ ਦੇ ਜਮਹੂਰੀਅਤ ਵਿਰੋਧੀ ਫੈਸਲੇ ਦੀ ਨਿਖੇਧੀ ਕਰਦਿਆਂ ਇਸ ਵਾਰਡ ਤੋਂ ਪੰਚ ਦੀ ਚੋਣ ਰੱਦ ਕਰਕੇ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਕਾਮਰੇਡ ਬਲਰਾਜ ਸਿੰਘ, ਕਾਮਰੇਡ ਚਮਕੌਰ ਸਿੰਘ ਸੈਕਟਰੀ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਗੁਰਤਾ, ਗੁਰਦੀਪ ਸਿੰਘ ਦੀਪੀ, ਗੁਰਮੇਲ ਸਿੰਘ ਮੇਲੂ, ਕੁਲਵੰਤ ਸਿੰਘ ਬਾਬਾ, ਨਿੰਦਰ ਸਿੰਘ ਨਿੰਦਾ, ਜਸਵਿੰਦਰ ਸਿੰਘ ਕਾਕਾ, ਗਿਆਨ ਸਿੰਘ ਗਿਆਨੀ, ਬੂਟਾ ਸਿੰਘ ਪ੍ਰੇਮੀ, ਬੂਟਾ ਸਿੰਘ, ਦਵਿੰਦਰ ਸਿੰਘ ਸੀਓ, ਤੇਜ ਸਿੰਘ, ਹਰਪ੍ਰੀਤ ਸਿੰਘ ਪੀਤਾ, ਸੁਖਜੀਵਨ ਸਿੰਘ ਨਿੱਕਾ, ਕੁਲਵੰਤ ਸਿੰਘ ਪੱਪੂ ਸਮੇਤ ਵੱਡੀ ਗਿਣਤੀ ਵਿੱਚ ਵੋਟਰ ਸ਼ਾਮਲ ਸਨ।
ਕੀ ਕਹਿੰਦੇ ਨੇ ਐੱਸਡੀਐੱਮ ਨਿਹਾਲ ਸਿੰਘ ਵਾਲਾ
ਐੱਸਡੀਐੱਮ ਨਿਹਾਲ ਸਿਘ ਵਾਲਾ ਸਵਾਤੀ ਨੇ ਕਿਸੇ ਵੀ ਧੱਕੇਸ਼ਾਹੀ ਜਾਂ ਸਿਆਸੀ ਦਬਾਅ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਕਥਿਤ ਗਲਤ ਸਰਟੀਫਿਕੇਟ ਜਾਰੀ ਕਰਨ ’ਤੇ ਉਸ ਕੋਲੋਂ ਜਵਾਬ ਤਲਬ ਕੀਤਾ ਹੈ। ਉਨ੍ਹਾਂ ਆਖਿਆ ਕਿ ਹਜੂਮ ਨੇ ਚੋਣ ਅਮਲੇ ਨੂੰ ਬੰਦੀ ਬਣਾ ਲਿਆ ਸੀ। ਸਥਿਤੀ ਤਣਾਅ ਪੂਰਨ ਬਣਨ ’ਤੇ ਉਹ ਖੁਦ ਅਤੇ ਐੱਸਪੀ ਗੁਰਸ਼ਰਨਜੀਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਅਮਨ ਕਾਨੂੰਨ ਸਥਿਤੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵਿਰੋਧੀ ਉਮੀਦਵਾਰ ਦੀ ਅਰਜ਼ੀ ’ਤੇ ਵੀਡੀਓਗ੍ਰਾਫ਼ੀ ਅਤੇ ਉਮੀਦਵਾਰਾਂ ਦੀ ਮੌਜੂਦਗੀ ’ਚ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਈ ਸੀ ਅਤੇ ਇੱਕ ਵੋਟ ਦਾ ਅੰਤਰ ਆਉਣ ’ਤੇ ਪੰਚ ਨੂੰ ਜੇਤੂ ਐਲਾਨ ਦਿੱਤਾ। ਡੀਐੱਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਨੇ ਵੀ ਪੰਚ ਉਮੀਦਵਾਰ ਨੂੰ ਡਰਾ ਧਮਕਾ ਸਰਟੀਫਿਕੇਟ ਵਾਪਸ ਲੈਣ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।