ਹਰਜੀਤ ਸਿੰਘ
ਡੇਰਾਬੱਸੀ, 20 ਜੂਨ
ਇਥੋਂ ਦੇ ਪਿੰਡ ਭੰਖਰਪੁਰ ਵਿੱਚ ਲੰਘੀ ਰਾਤ 4 ਹਥਿਆਰਬੰਦ ਲੁਟੇਰਿਆਂ ਨੇ ਇਕ ਟਰਾਂਸਪੋਰਟਰ ਦੇ ਗੋਦਾਮ ਵਿੱਚ ਦਾਖਲ ਹੋ ਕੇ ਉਥੇ ਤਾਇਨਾਤ ਦੋ ਸੁਰੱਖਿਆ ਗਾਰਡਾਂ ਨੂੰ ਜ਼ਖਮੀ ਕਰ 6 ਲੱਖ ਰੁਪਏ ਲੁੱਟ ਲਏ। ਇਸ ਦੌਰਾਨ ਡਿਊਟੀ ਤੇ ਡਾਇਨਾ ਦੋਵੇਂ ਗਾਰਡ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡੇਰਾਬੱਸੀ ਵਿੱਚ ਪਿਛਲੇ ਕੁਛ ਦਿਨਾਂ ਵਿਚ ਲੁੱਟ ਦੀ ਇਹ ਤੀਜੀ ਵੱਡੀ ਵਾਰਦਾਤ ਹੈ। ਇਸ ਤੋਂ ਪਹਿਲਾਂ ਲੁਟੇਰੇ ਬੰਦੂਕ ਦੀ ਨੋਕ ਤੇ ਇਕ ਪ੍ਰਾਪਰਟੀ ਡੀਲਰ ਤੋਂ ਇਕ ਕਰੋੜ ਰੁਪਏ ਖੋਹ ਕੇ ਲੈ ਗਏ ਸੀ। ਇਸੇ ਤਰ੍ਹਾਂ ਲੰਘੀ ਦੋ ਰਾਤਾਂ ਪਹਿਲਾਂ ਚਾਰ ਹਥਿਆਰਬੰਦ ਲੁਟੇਰੇ ਨੇੜਲੇ ਪਿੰਡ ਤ੍ਰਿਵੇਦੀ ਕੈਂਪ ਵਿੱਚ ਜੰਗਲਾਤ ਵਿਭਾਗ ਦੇ ਸੇਵਾਮੁਕਤ ਰੇਂਜ ਅਫਸਰ ਦੇ ਘਰ ਵੜ ਕੇ 80 ਹਜ਼ਾਰ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਕੀਮਤ ਦਾ 15 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ ਸੀ। ਲੰਘੀ ਰਾਤ ਵੀ ਚਾਰ ਹਥਿਆਰਬੰਦ ਲੁਟੇਰਿਆਂ ਨੇ ਪਿੰਡ ਭਾਂਖਰਪੁਰ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਲੰਘੀ ਰਾਤ ਲੁਟੇਰਿਆਂ ਨੇ ਕਰੀਬ ਇੱਕ ਵਜੇ ਮੌਕੇ ਤੇ ਤਾਇਨਾਤ ਦੋਵੇਂ ਗਾਰਡਾਂ ਦੀ ਬੁਰੀ ਤਰ੍ਹਾਂ ਡੰਡਿਆਂ, ਕਿਰਪਾਨਾਂ ਅਤੇ ਗੰਡਾਸਿਆਂ ਨਾਲ ਮਾਰਕੁੱਟ ਕੀਤੀ ਅਤੇ ਉਥੇ ਪਈ ਛੇ ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਦੋਵੇਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਗੁਰਬਖਸ਼ੀਸ਼ ਸਿੰਘ ਅਤੇ ਮੁਬਾਰਿਕਪੁਰ ਪੁਲੀਸ ਚੌਕੀ ਇੰਚਾਰਜ ਬਲਵਿੰਦਰ ਸਿੰਘ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਮੰਨਣਾ ਹੈ ਕਿ ਲੰਘੀ ਰਾਤ ਚਾਰ ਲੁਟੇਰੇ ਉਹ ਹੀ ਸਨ ਜਿਨ੍ਹਾਂ ਨੇ ਲੰਘੇ ਦਿਨੀਂ ਪਿੰਡ ਤ੍ਰਿਵੇਦੀ ਕੈਂਪ ਵਿਚ ਸੇਵਾਮੁਕਤ ਰੇਂਜ ਅਫਸਰ ਦੇ ਘਰ ਵੜ ਕੇ ਦਾਖ਼ਲ ਹੋ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।