ਬਹਾਦਰਜੀਤ ਸਿੰਘ
ਰੂਪਨਗਰ, 19 ਜੁਲਾਈ
ਸ਼ਹਿਰ ਦੇ ਬੇਲਾ ਚੌਕ ਦੇ ਨੇੜੇ ਲੱਗਦੀ ਪ੍ਰੀਤ ਕਲੋਨੀ, ਗਾਂਧੀ ਨਗਰ, ਪਬਲਿਕ ਕਲੋਨੀ, ਚੋਆ ਮੁਹੱਲਾ ਆਦਿ ਵਿੱਚੋਂ ਪਾਣੀ ਨਿਕਾਸੀ ਦਾ ਮਸਲਾ ਪਿਛਲੇ 25 ਸਾਲਾਂ ਤੋਂ ਹੱਲ ਨਹੀਂ ਹੋਇਆ। ਹਲਕਾ ਸੁਧਾਰ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲਾਂ ਨੇ ਦੱਸਿਆ ਕਿ ਉਕਤ ਲੋਕ ਹੁਣ ਤੱਕ 5-5 ਵਾਰ ਕੌਂਸਲਰ, ਵਿਧਾਇਕ ਅਤੇ ਐੱਮ.ਪੀ. ਬਣਾ ਚੁੱਕੇ ਹਨ ਪਰ ਇਨ੍ਹਾਂ ਸਾਰਿਆਂ ਤੋਂ ਇਨ੍ਹਾਂ ਲੋਕਾਂ ਵਾਸਤੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ।
ਰਣਜੀਤ ਸਿੰਘ ਪਤਿਆਲਾਂ ਨੇ ਦੱਸਿਆ ਕਿ ਅੱਜ ਸੈਂਕੜੇ ਘਰਾਂ ਦੇ ਬਾਹਰ 2 ਤੋਂ 3 ਫੁੱਟ ਪਾਣੀ ਖੜ੍ਹਾ ਹੈ। ਅਜਿਹੇ ਹਾਲਾਤ ਵਿੱਚ ਕਿਸੇ ਬਜ਼ੁਰਗ ਜਾਂ ਬੱਚੇ ਲਈ ਬਿਮਾਰੀ ਦੀ ਹਾਲਤ ਵਿੱਚ ਹਸਪਤਾਲ ਤੱਕ ਲਿਜਾਣਾ ਵੀ ਸੰਭਵ ਨਹੀਂ ਹੈ। ਇੱਥੋਂ ਤੱਕ ਕਿ ਘਰ ਦਾ ਸਾਮਾਨ ਲਿਜਾਣ ਲਈ ਵੀ ਆਪਣੇ ਘਰ ਤੋਂ ਬਾਹਰ ਬਣੀ ਸੜਕ ਉੱਤੇ ਕਿਸ਼ਤੀ ਰਾਹੀਂ ਮੁੱਖ ਸੜਕ ਤੱਕ ਪਹੁੰਚਿਆ ਜਾ ਰਿਹਾ ਹੈ।
ਰਣਜੀਤ ਸਿੰਘ ਪਤਿਆਲਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਮਾੜੀ ਕਾਰਗੁਜ਼ਾਰੀ ਦਾ ਅਹਿਸਾਸ ਕਰਵਾਉਣ ਲਈ ਹਲਕਾ ਸੁਧਾਰ ਕਮੇਟੀ ਵੱਲੋਂ ਪੀੜਤ ਇਲਾਕਿਆਂ ਵਾਸਤੇ ਕਿਸ਼ਤੀ ਦੀ ਮੁਫਤ ਸੇਵਾ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਰੂਪਨਗਰ ਸ਼ਹਿਰ ਦਾ ਬਾਰਿਸ਼ ਆਦਿ ਦਾ ਪਾਣੀ ਬੁੱਧਕੀ ਨਦੀ (ਨੇੜੇ ਪਿੰਡ ਬੁੱਢਾ ਭਿਓਰਾ) ਵਿੱਚ ਸੁੱਟਣ ਦੀ ਤਜਵੀਜ਼ ਪਿਛਲੇ 20 ਸਾਲਾਂ ਤੋਂ ਬਣ ਕੇ ਸੀਵਰੇਜ ਬੋਰਡ ਦੀਆਂ ਫਾਈਲਾਂ ਵਿੱਚ ਕਿਸੇ ਉਦਮੀ ਆਗੂ ਦੀ ਉਡੀਕ ਕਰ ਰਹੀ ਹੈ, ਜੋ ਅੱਜ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਜੇਕਰ ਇਹ ਤਜਵੀਜ਼ ਨੇਪਰੇ ਚਾੜ੍ਹ ਦਿੱਤੀ ਜਾਂਦੀ ਹੈ ਤਾਂ ਸ਼ਹਿਰ ਦੀ ਨਿਕਾਸੀ ਦੀ ਸਮੱਸਿਆ ਹੱਲ ਹੋ ਜਾਣੀ ਸੀ। ਇਸ ਮੌਕੇ ਸੈਣੀ ਯੂਥ ਫੈੱਡਰੇਸ਼ਨ ਦੇ ਪ੍ਰਧਾਨ ਪਰਮਿੰਦਰ ਸੈਣੀ, ਕੁਲਦੀਪ ਸਿੰਘ, ਅਮਰੀਕ ਸਿੰਘ, ਨਿਰਮਲ ਸਿੰਘ, ਰਜਿੰਦਰ ਕੌਰ, ਬਲਜਿੰਦਰ ਕੌਰ, ਸੰਦੀਪ ਕਲਿਆਣ, ਮੋਨੂੰ (ਆਸਰੋਂ), ਸੰਜੇ ਦੱਤ, ਅਪਾਰਜੀਤ ਸਿੰਘ ਤੋਂ ਇਲਾਵਾ ਸਮੁੱਚੇ ਕਲੋਨੀ ਵਾਸੀ ਹਾਜ਼ਰ ਸਨ।