ਬੀਰਬਲ ਰਿਸ਼ੀ
ਧੂਰੀ/ਸ਼ੇਰਪੁਰ 7 ਸਤੰਬਰ
ਨਸ਼ੇ ਦੇ ਕਾਲੇ ਕਾਰੋਬਾਰ ਨੂੰ ਰੋਕਣ ਲਈ ਕਿਸਾਨ ਘਰਾਂ ਦੇ ਨੌਜਵਾਨਾਂ ਨੇ ਸ਼ੇਰਪੁਰ ਮਗਰੋਂ ਹੁਣ ਧੂਰੀ ’ਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਨਾਲ ਸਬੰਧਤ ਪਿੰਡ ਕੱਕੜਵਾਲ, ਬੁਗਰਾ, ਪੇਧਨੀ, ਰਾਜੋਮਾਜਰਾ, ਪੁੰਨਾਵਾਲ, ਰਣੀਕੇ, ਮੂਲੋਵਾਲ, ਕਹੇਰੂ, ਜਹਾਂਗੀਰ ਸਮੇਤ ਪੰਦਰਾਂ ਪਿੰਡਾਂ ਤੱਕ ਪਹੁੰਚ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਚਿੱਟੇ ਦੀ ਵਿਕਰੀ ਤੋਂ ਚਰਚਾ ’ਚ ਆਏ ਕਸਬਾ ਸ਼ੇਰਪੁਰ ਅੰਦਰ 25 ਅਗਸਤ 2023 ਤੋਂ ਹੁਣ ਤੱਕ ਦਿਨ ਰਾਤ ਦੇ ਚਾਰ ਪੱਕੇ ਨਾਕੇ ਲਗਾ ਕੇ ਨਸ਼ੇ ਨੂੰ ਕਾਫ਼ੀ ਠੱਲ੍ਹ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ‘ਨਸ਼ਾ ਰੋਕੂ ਕਮੇਟੀ’ ਦੇ ਧੁਰੇ ਨਾਲ ਜੁੜੇ ਪਿੰਡਾਂ ਦੇ ਦਰਜਨਾਂ ਨੌਜਵਾਨਾਂ ਸਮੇਤ ਇਸ ਮੁਹਿੰਮ ਦੇ ਮੋਹਰੀ ਆਗੂ ਬਲਵਿੰਦਰ ਸਿੰਘ ਬਿੰਦਾ ਖੇੜੀ ਨੇ ਦੱਸਿਆ ਕਿ ਅੱਜ ਚਿੱਟੇ ਸਮੇਤ ਹੋਰ ਨਸ਼ਿਆਂ ਦੀ ਗ੍ਰਿਫ਼ਤ ’ਚ ਆ ਰਹੇ ਨੌਜਵਾਨਾਂ ਕਾਰਨ ਆਏ ਦਿਨ ਘਰਾਂ ਵਿੱਚ ਸੱਥਰ ਵਿੱਛ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ੇਰਪੁਰ ਵਿੱਚ 13 ਮਹੀਨੇ ਤੋਂ ਚੱਲ ਰਹੇ ਚਾਰ ਪੱਕੇ ਨਾਕਿਆਂ ’ਤੇ ਫੜੇ ਜਾਂਦੇ ਬਹੁਤੇ ਨਸ਼ਈ ਧੂਰੀ ਤੋਂ ਨਸ਼ਾ ਲਿਆਉਣ ਦਾ ਖੁਲਾਸਾ ਕਰਦੇ ਹਨ ਜਿਸ ਕਰਕੇ ਕਮੇਟੀ ਮੈਂਬਰਾਂ ਵੱਲੋਂ ਸ਼ੇਰਪੁਰ ਮਗਰੋਂ ਹੁਣ ਧੂਰੀ ’ਚ ਤਸਕਰਾਂ ਦੀ ਕਾਨੂੰਨੀ ਦਾਇਰੇ ਅੰਦਰ ਰਹਿ ਕੇ ਘੇਰਾਬੰਦੀ ਕਰਨ ਦੀ ਯੋਜਨਾ ਹੈ।
ਉਨ੍ਹਾਂ ਦੱਸਿਆ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛੁਡਾਉ ਕੇਂਦਰਾਂ ਵਿੱਚ ਭੇਜਣਾ, ਖੁਰਾਕ ਦਾ ਪ੍ਰਬੰਧ ਕਰਨਾ, ਉਨ੍ਹਾਂ ਦੇ ਪਰਿਵਾਰਾਂ ਦਾ ਹਰ ਪੱਖੋਂ ਸਹਿਯੋਗ ਕਰਨਾ, ਨਸ਼ਾ ਕਰਨ ਵਾਲਿਆਂ ਦੀ ਸਕੂਲਿੰਗ ਕਰਨੀ, ਨੈਤਿਕਤਾ ਸਬੰਧੀ ਭਾਸ਼ਣ ਲਗਵਾਉਣੇ ਉਨ੍ਹਾਂ ਦੀ ਮੁਹਿੰਮ ਦਾ ਹਿੱਸਾ ਹੈ ਜੋ ਲੋਕਾਂ ਦੇ ਨਿੱਗਰ ਸਹਿਯੋਗ ਤੋਂ ਬਿਨਾ ਸੰਭਵ ਨਹੀਂ। ਆਗੂਆਂ ਨੇ ਐੱਸਐੱਸਪੀ ਸੰਗਰੂਰ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਹੋਰਨਾਂ ਲੋਕਾਂ ਤੋਂ ਵੀ ਸਹਿਯੋਗ ਮੰਗਿਆ। ਉਹ ਹੁਣ ਤੱਕ 15 ਪਿੰਡਾਂ ਦੇ ਲੋਕਾਂ ਨਾਲ ਸੰਪਰਕ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਹਲਕਾ ਧੂਰੀ ਦੇ ਪੰਜ ਦਰਜਨ ਤੋਂ ਵੱਧ ਪਿੰਡਾਂ ਵਿੱਚ ਜਾਣ ਦੀ ਯੋਜਨਾ ਹੈ। ਲੋਕਾਂ ਦਾ ਸਹਿਯੋਗ ਮਿਲਿਆ ਤਾਂ ਸ਼ੇਰਪੁਰ ਦੀ ਤਰਜ਼ ’ਤੇ ਧੂਰੀ ਵਿੱਚ ਵੀ ਪੱਕੇ ਨਾਕੇ ਲਗਾਉਣ ਬਾਰੇ ਸੋਚਿਆ ਜਾਵੇਗਾ।