ਜੋਗਿੰਦਰ ਸਿੰਘ ਓਬਰਾਏ
ਖੰਨਾ, 14 ਅਕਤੂਬਰ
ਅੱਜ ਤੜਕੇ ਖੰਨਾ ਪੁਲੀਸ ਨੂੰ ਉਦੋਂ ਭਾਜੜ ਪੈ ਗਈ, ਜਦੋਂ ਔਰਤ ਨੇ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਇਥੋਂ ਦੇ ਗੁਰੂ ਗੋਬਿੰਦ ਸਿੰਘ ਨਗਰ ਅਮਲੋਹ ਰੋਡ ਦੀ ਵਸਨੀਕ ਹੈਪੀ ਅੱਜ ਸਵੇਰੇ ਸਬਜ਼ੀ ਮੰਡੀ ਵਿੱਚ ਬਣੀ ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹੀ ਅਤੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਣ ’ਤੇ ਐੱਸਪੀ ਮਨਪ੍ਰੀਤ ਸਿੰਘ, ਡੀਐੱਸਪੀ ਰਾਜਨਪਰਮਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਮੌਕੇ ’ਤੇ ਪੁੱਜੇ। ਉਨ੍ਹਾਂ ਔਰਤ ਨੂੰ ਉਤਰਨ ਦੀ ਅਪੀਲ ਕੀਤੀ ਪਰ ਔਰਤ ਨੇ ਮਿੱਟੀ ਦਾ ਤੇਲ ਦੀਆਂ ਬੋਤਲਾਂ ਤੇ ਮਾਚਿਸ ਦੀ ਡੱਬੀ ਦਿਖਾਉਂਦੇ ਹੋਏ ਚੇਤਾਵਨੀ ਦਿੱਤੀ ਕਿ ਜੇ ਕਿਸੇ ਨੇ ਟੈਂਕੀ ਉਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਤਮਦਾਹ ਕਰ ਲਵੇਗੀ। ਔਰਤ ਨੇ ਦੋਸ਼ ਲਾਇਆ ਕਿ ਸਿਟੀ-2 ਦੀ ਪੁਲੀਸ ਨੇ ਉਸ ਦੇ ਲੜਕੇ ਨੂੰ ਚੋਰੀ ਦੇ ਮਾਮਲੇ ਵਿਚ ਜਾਣ-ਬੁੱਝ ਕੇ ਫਸਾਇਆ ਅਤੇ ਹੁਣ ਉਸ ਨੂੰ ਛੱਡਣ ਲਈ ਵੱਡੀ ਰਕਮ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਲੜਕੇ ਨੂੰ ਥਾਣੇ ਵਿਚ ਸੱਦ ਕੇ ਮਾਰ ਕੁੱਟ ਵੀ ਕੀਤੀ ਗਈ ਹੈ। ਇਸ ਲਈ ਉਹ ਟੈਂਕੀ ’ਤੇ ਚੜ੍ਹ ਕੇ ਮਰਨਾ ਚਾਹੁੰਦੀ ਹੈ। ਇਸ ਮੌਕੇ ਪੱਤਰਕਾਰ, ਜੋ ਔਰਤ ਦਾ ਜਾਣਕਾਰ ਸੀ, ਦੀ ਮਦਦ ਨਾਲ ਪੁਲੀਸ ਨੇ ਔਰਤ ਨੂੰ ਟੈਂਕੀ ਤੋਂ ਉਤਾਰਿਆ ਅਤੇ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਕੋਈ ਧੱਕੇਸ਼ਾਹੀ ਨਹੀਂ ਹੋਵੇਗੀ।